ਲੰਡਨ, 15 ਸਤੰਬਰ
ਮਹਾਰਾਣੀ ਐਲਿਜ਼ਾਬੈੱਥ ਦੋਇਮ ਨੂੰ ਲੱਖਾਂ ਲੋਕਾਂ ਨੇ ਵੈਸਟਮਿਨਸਟਰ ਹਾਲ ਵਿੱਚ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ। ਮਹਾਰਾਣੀ ਦੀ ਇਕ ਆਖਰੀ ਝਲਕ ਲਈ ਬੇਤਾਬ ਲੋਕਾਂ ਦੀਆਂ ਹਾਲ ਦੇ ਬਾਹਰ ਕਈ ਕਿਲੋਮੀਟਰ ਲੰਮੀਆਂ ਕਤਾਰਾਂ ਲੱਗ ਗਈਆਂ। ਮਹਾਰਾਣੀ ਦੀ ਦੇਹ ਨੂੰ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਇਕ ਤਾਬੂਤ ਵਿੱਚ ਸੰਸਦੀ ਕੰਪਲੈਕਸ ਦੇ ਵੈਸਟਮਿਨਸਟਰ ਹਾਲ ਵਿੱਚ ਰੱਖਿਆ ਗਿਆ ਹੈ। ਤਾਬੂਤ ਲੰਘੇ ਦਿਨ ਸ਼ਾਹੀ ਰਸਮਾਂ ਨਾਲ ਬਕਿੰਘਮ ਪੈਲੇਸ ਤੋਂ ਇਥੇ ਲਿਆਂਦਾ ਗਿਆ ਸੀ। ਹਫ਼ਤਾ ਪਹਿਲਾਂ ਸਕਾਟਲੈਂਡ ਦੇ ਬੈਲਮੋਰਲ ਕੈਸਲ ਵਿੱਚ ਮਹਾਰਾਣੀ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਤਾਬੂਤ ਨੂੰ ਇਤਿਹਾਸਕ ਸੜਕੀ ਤੇ ਹਵਾਈ ਸਫ਼ਰ ਰਾਹੀਂ ਸਕਾਟਲੈਂਡ ਤੋਂ ਲੰਡਨ ਲਿਆਂਦਾ ਗਿਆ ਸੀ। ਮੰਗਲਵਾਰ ਰਾਤ ਬਕਿੰਘਮ ਪੈਲੇਸ ਵਿੱਚ ਰੱਖਣ ਮਗਰੋਂ ਮਹਾਰਾਣੀ ਦੀ ਦੇਹ ਬੁੱਧਵਾਰ ਨੂੰ ਹੀ ਵੈਸਟਮਿਨਸਟਰ ਹਾਲ ਵਿੱਚ ਤਬਦੀਲ ਕੀਤੀ ਗਈ ਹੈ। ਮਹਾਰਾਣੀ ਦੀਆਂ ਅੰਤਿਮ ਰਸਮਾਂ ਸੋਮਵਾਰ ਨੂੰ ਵੈਸਟਮਿਨਸਟਰ ਐਬੇ ਵਿੱਚ ਹੋਣਗੀਆਂ।
ਮਹਾਰਾਣੀ ਦੇ ਅੰਤਿਮ ਦਰਸ਼ਨਾਂ ਲਈ ਵੈਸਟਮਿਨਸਟਰ ਹਾਲ ਬੁੱਧਵਾਰ ਸ਼ਾਮ ਨੂੰ ਹੀ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਸੀ। ਹਾਲ ਦੇ ਬਾਹਰ ਲੋਕਾਂ ਦੀ ਕਤਾਰ ਚਾਰ ਕਿਲੋਮੀਟਰ ਲੰਮੀ ਸੀ, ਜੋ ਥੇਮਸ ਨਦੀ ਦੇ ਦੁਆਲੇ ਘੁੰਮਦੀ ਸੀ। ਡਿਜੀਟਲ, ਮੀਡੀਆ ਤੇ ਸਪੋਰਟਸ ਵਿਭਾਗ (ਡੀਸੀਐੱਮਐੱਸ) ਮੁਤਾਬਕ ਕਤਾਰਾਂ ਨੂੰ 16 ਕਿਲੋਮੀਟਰ ਤੋਂ ਵੱਧ ਲੰਮੀਆਂ ਨਹੀਂ ਹੋਣ ਦਿੱਤਾ ਜਾਵੇਗਾ। ਅੰਤਿਮ ਦਰਸ਼ਨਾਂ ਲਈ ਆਉਣ ਵਾਲੇ ਲੋਕਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ ਕਿ ਵੈਸਟਮਿਨਸਟਰ ਹਾਲ ਤੱਕ ਪੁੱਜਣ ਲਈ 30 ਘੰਟੇ ਤੱਕ ਦੀ ਉਡੀਕ ਕਰਨੀ ਪੈ ਸਕਦੀ ਹੈ। 24 ਘੰਟੇ ਚੱਲਣ ਵਾਲਾ ਇਹ ਅਮਲ ਸੋਮਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ ਸਾਢੇ ਛੇ ਵਜੇ ਤੱਕ ਜਾਰੀ ਰਹੇਗਾ। ਵੈਸਟਮਿਨਸਟਰ ਹਾਲ ’ਚ ਲੋਕਾਂ ਵੱਲੋਂ ਮਹਾਰਾਣੀ ਨੂੰ ਸ਼ਰਧਾਂਜਲੀ ਸਬੰਧੀ ਤਸਵੀਰਾਂ ਬੀਬੀਸੀ ਵੱਲੋਂ ਲਾਈਵ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ। ਅੰਤਿਮ ਰਸਮਾਂ ਸੋਮਵਾਰ ਨੂੰ ਸਵੇਰੇ 11 ਵਜੇ ਵੈਸਟਮਿਨਸਟਰ ਐਬੇ ’ਚ ਸ਼ੁਰੂ ਹੋਣਗੀਆਂ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਭਾਰਤ ਦੀ ਉਨ੍ਹਾਂ ਦੀ ਹਮਰੁਤਬਾ ਦਰੋਪਦੀ ਮੁਰਮੂ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਸਣੇ ਹੋਰ ਆਲਮੀ ਆਗੂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣਗੇ। -ਪੀਟੀਆਈ