ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਜੂਨ
ਦਰਬੰਗਾ ਤੋਂ ਅੰਮ੍ਰਿਤਸਰ ਤੱਕ ਚੱਲਣ ਵਾਲੀ ਜਨਸੇਵਾ ਐਕਸਪ੍ਰੈਸ ’ਚ ਰੇਲਵੇ ਵਿਜੀਲੈਂਸ ਨੇ ਇੱਕ ਫਰਜ਼ੀ ਟੀਟੀ ਨੂੰ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਰੇਲ ਗੱਡੀ ’ਚ ਯਾਤਰੀਆਂ ਦੀ ਕਿੱਟ ਚੈੱਕ ਕਰ ਰਿਹਾ ਸੀ, ਜਿਨ੍ਹਾਂ ਕੋਲ ਟਿਕਟ ਨਹੀਂ ਸੀ, ਉਨ੍ਹਾਂ ਤੋਂ ਉਹ ਪੈਸੇ ਇਕੱਠੇ ਕਰ ਰਿਹਾ ਸੀ। ਇਸਦੀ ਜਾਣਕਾਰੀ ਨਾਰਦਨ ਰੇਲਵੇ ਵਿਜੀਲੈਂਸ ਟੀਮ ਨੂੰ ਮਿਲੀ, ਜਿਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਅਜੈ ਕੁਮਾਰ ਯਾਤਰੀ ਦੀ ਸ਼ਿਕਾਇਤ ’ਤੇ ਫਿਰੋਜ਼ਪੁਰ ਦੇ ਰਹਿਣ ਵਾਲੇ ਮੁਲਜ਼ਮ ਲਵਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਤਿੰਨ ਦਿਨਾਂ ਪੁਲੀਸ ਰਿਮਾਂਡ ’ਤੇ ਲੈ ਲਿਆ ਹੈ। ਪੁਲੀਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ ਰਿਸ਼ਵਤ ਦੇ 11 ਹਜ਼ਾਰ ਰੁਪਏ, ਨਕਲੀ ਆਈ.ਡੀ. ਕਾਰਡ ਅਤੇ ਗਲੇ ’ਚ ਬੰਨ੍ਹਣ ਵਾਲਾ ਫੀਤਾ ਬਰਾਮਦ ਕੀਤਾ ਹੈ। ਥਾਣਾ ਜੀਆਰਪੀ ਦੇ ਐੱਸਐੱਚਓ ਇੰਸਪੈਕਟਰ ਸੁਧੀਰ ਨੇ ਦੱਸਿਆ ਕਿ ਮੁਲਜ਼ਮ ਲਵਪ੍ਰੀਤ ਕਈ ਟੀਟੀਜ਼ ਦੇ ਸੰਪਰਕ ’ਚ ਰਹਿ ਕੇ ਗੌਰਖਧੰਦਾ ਕਰਦਾ ਸੀ। ਅੰਮ੍ਰਿਤਸਰ ਤੋਂ ਲੁਧਿਆਣਾ ਤੱਕ ਟੀਟੀ ਲਵਪ੍ਰੀਤ ਨੂੰ ਰਿਸ਼ਵਤ ਦੇ ਪੈਸੇ ਰੱਖਣ ਲਈ ਰੇਲ ਗੱਡੀ ’ਚ ਨਾਲ ਰੱਖਦੇ ਸਨ। ਬੁੱਧਵਾਰ ਨੂੰ ਲੁਧਿਆਣਾ ਦੇ ਚਾਰ ਟੀਟੀਜ਼ ਨੂੰ ਬੁਲਾ ਕੇ ਪੁੱਛਗਿਛ ਕੀਤੀ ਗਈ।