ਪਾਲ ਸਿੰਘ ਨੌਲੀ
ਜਲੰਧਰ, 13 ਦਸੰਬਰ
ਕਿਸਾਨ ਅੰਦੋਲਨ ਜਿੱਤਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਸ਼ੁਕਰਾਨੇ ਲਈ ਜਾ ਰਹੇ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਜਲੰਧਰ ਵਿਚ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਦੀ ਏਕਤਾ ਨੇ ਇਸ ਅੰਦੋਲਨ ਨੂੰ ਜਿੱਤਣ ਵਿਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਕਿਸਾਨ ਅੰਦੋਲਨ ਚੱਲਦਾ ਰਿਹਾ ਟੌਲ ਪਲਾਜ਼ੇ ਬੰਦ ਸਨ ਅਤੇ ਹੁਣ ਉਨ੍ਹਾਂ ਨੂੰ ਮੁੜ ਖੋਲ੍ਹਣ ਤੇ ਘਾਟਾ ਪੂਰਾ ਕਰਨ ਲਈ ਉਸ ਦੀਆਂ ਦਰਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਟੌਲ ਪਲਾਜ਼ੇ ਦੀ ਦਰ ਵਿਚ ਵਾਧਾ ਕੀਤਾ ਗਿਆ ਤਾਂ ਉਹ ਮੁੜ ਸੰਘਰਸ਼ ਛੇੜ ਦੇਣਗੇ ਤੇ ਟੌਲ ਪਲਾਜ਼ੇ ਬੰਦ ਕਰਵਾ ਦੇਣਗੇ। ਉਨ੍ਹਾਂ ਚੁਟਕੀ ਲੈਂਦਿਆਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਕਣਕ ਤੇ ਝੋਨੇ ਦਾ ਭਾਅ ਸਿਰਫ ਦੋ-ਢਾਈ ਫੀਸਦ ਵਧਾਉਂਦੀ ਹੈ, ਉਸੇ ਤਰਜ਼ ’ਤੇ ਹੀ ਟੌਲ ਪਲਾਜ਼ਿਆਂ ਦੀਆਂ ਦਰਾਂ ਵਧਾਈਆਂ ਜਾਣ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਦਨਾਮ ਕਰਨ ਜਾਂ ਉਨ੍ਹਾਂ ਨਾਲ ਖੁੰਦਕ ਕੱਢਣ ਦੀ ਆੜ ਹੇਠ ਜੇ ਟੌਲ ਪਲਾਜ਼ਿਆਂ ਦੀਆਂ ਦਰਾਂ ਵਧਾਈਆਂ ਗਈਆਂ ਤਾਂ ਉਹ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਣਗੇ। ਟਿਕੈਤ ਨਾਲ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਅਤੇ ਜਸਵੰਤ ਸਿੰਘ ਵੀ ਸਨ।
ਦੱਪਰ ਟੌਲ ਪਲਾਜ਼ੇ ’ਤੇ ਟਿਕੈਤ ਦਾ ਸਵਾਗਤ
ਲਾਲੜੂ (ਸਰਬਜੀਤ ਸਿੰਘ ਭੱਟੀ): ਦੱਪਰ ਟੌਲ ਪਲਾਜ਼ਾ ਪੁੱਜਣ ’ਤੇ ਵੀ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਹਰਿੰਦਰ ਸਿੰਘ ਲੱਖੋਵਾਲ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਟਿਕੈਤ ਨੇ ਟੌਲ ਪਲਾਜ਼ਾ ’ਤੇ ਇਕੱਠੇ ਹੋਏ ਕਿਸਾਨਾਂ ਤੇ ਮਜ਼ਦੂਰਾਂ ਨੁੂੰ ਅੰਦੋਲਨ ਜਿੱਤਣ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ, ਔਰਤਾਂ, ਬਜ਼ੁਰਗਾਂ ਅਤੇ ਬਾਕੀ ਵਰਗਾਂ ਦੇ ਏਕੇ ਨਾਲ ਹੀ ਅੰਦੋਲਨ ’ਚੋਂ ਜਿੱਤ ਪ੍ਰਾਪਤ ਹੋਈ ਹੈ।
ਰਾਜੇਵਾਲ ਤੇ ਮਨਜੀਤ ਸਿੰਘ ਰਾਏ ਦਾ ਨਿੱਘਾ ਸਵਾਗਤ
ਦਿੱਲੀ ਅੰਦੋਲਨ ਜਿੱਤਣ ਤੋਂ ਬਾਅਦ ਪਹਿਲੀ ਵਾਰ ਜਲੰਧਰ ਜੀਟੀ ਰੋਡ ’ਤੇ ਪਹੁੰਚੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਤੇ ਮਨਜੀਤ ਸਿੰਘ ਰਾਏ ਸਮੇਤ ਹੋਰ ਆਗੂਆਂ ਦਾ ਲੋਕਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਦੌਰਾਨ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਲੱਗਦੇ ਰਹੇ। ਕਿਸਾਨ ਆਗੂਆਂ ਨੇ ਕਿਹਾ ਕਿ ਜਿਹੜਾ ਪਿਆਰ-ਸਤਿਕਾਰ ਉਹ ਦਿਖਾ ਰਹੇ ਹਨ, ਇਸ ਨਾਲ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਵੀ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਅੱਗੇ ਵੀ ਇਸੇ ਤਰ੍ਹਾਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਕਰਦੇ ਰਹਿਣਗੇ।