ਬੈਂਕਾਕ 27 ਅਪਰੈਲ
ਮਿਆਂਮਾਰ ਦੇ ਕਰੇਨ ਗੁਰੀਲਿਆਂ ਨੇ ਕਿਹਾ ਹੈ ਕਿ ਉਨ੍ਹਾਂ ਮੰਗਲਵਾਰ ਨੂੰ ਫੌਜ ਦੇ ਇੱਕ ਅੱਡੇ ’ਤੇ ਕਬਜ਼ਾ ਕਰ ਲਿਆ। ਮੰਨਿਆ ਜਾ ਰਿਹਾ ਹੈ ਕਿ ਇਸ ਖ਼ਬਰ ਨਾਲ ਉਨ੍ਹਾਂ ਲੋਕਾਂ ਦਾ ਹੌਸਲਾ ਵਧੇਗਾ ਜੋ ਫਰਵਰੀ ਵਿੱਚ ਫੌਜ ਵੱਲੋਂ ਦੇਸ਼ ਦੀ ਸਿਵਲ ਸਰਕਾਰ ਦਾ ਤਖ਼ਤਾ ਪਲਟਾਉਣ ਦਾ ਵਿਰੋਧ ਕਰ ਰਹੇ ਸਨ। ਉਧਰ ਸਰਕਾਰ ਦੇ ਇੱਕ ਬੁਲਾਰੇ, ਸੀਨੀਅਰ ਥਾਈ ਅਧਿਕਾਰੀ ਅਤੇ ਇੱਕ ਰਾਹਤ ਕਰਮਚਾਰੀ ਨੇ ਕਿਹਾ ਕਿ ਮਿਆਂਮਾਰ ਦੀ ਫੌਜ ਨੇ ਕਰੇਨ ਫੌਜਾਂ ਦੇ ਨਿਯੰਤਰਣ ਵਾਲੇ ਖੇਤਰ ਦੇ ਪਿੰਡਾਂ ਵਿੱਚ ਕਈ ਘੰਟੇ ਬਾਅਦ ਹਵਾਈ ਹਮਲੇ ਕੀਤੇ। ਮਿਆਂਮਾਰ ਦੀ ਕੇਂਦਰ ਸਰਕਾਰ ਤੋਂ ਵਧੇਰੇ ਸੁਤੰਤਰਤਾ ਦੀ ਮੰਗ ਕਰਨ ਵਾਲੇ ਘੱਟ ਗਿਣਤੀ ਦੇ ਮੁੱਖ ਰਾਜਸੀ ਗਰੁੱਪ ਕਰੇਨ ਨੈਸ਼ਨਲ ਯੂਨੀਅਨ (ਕੇਐੱਨਯੂ) ਦੇ ਇੱਕ ਬੁਲਾਰੇ ਨੇ ਕਿਹਾ ਕਿ ਗਰੁੱਪ ਦੀ ਹਥਿਆਰਬੰਦ ਇਕਾਈ ਨੇ ਸਵੇਰੇ ਪੰਜ ਵਜੇ ਫੌਜ ਦੇ ਅੱਡੇ ’ਤੇ ਹਮਲਾ ਕੀਤਾ ਮਗਰੋਂ ਅੱਡੇ ਨੂੰ ਅੱਗ ਲਗਾ ਦਿੱਤੀ। ਕੇਐੱਨਯੂ ਦੇ ਵਿਦੇਸ਼ੀ ਮਾਮਲਿਆਂ ਦੇ ਮੁਖੀ ਪਦੋਹ ਸਾਅ ਤਾਵ ਨੀ ਨੇ ਕਿਹਾ ਕਿ ਇਸ ਘਟਨਾ ਕਾਰਨ ਜਾਨੀ ਨੁਕਸਾਨ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਉਧਰ ਮਿਆਂਮਾਰ ਦੀ ਸਰਕਾਰ ਨੇ ਇਸ ਬਾਰੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ। ਕੇਐੱਨਯੂ ਦਾ ਥਾਈਲੈਂਡ ਦੇ ਨਾਲ ਲਗਦੀ ਸਰਹੱਦ ਦੇ ਨੇੜੇ ਪੂਰਬੀ ਮਿਆਂਮਾਰ ਦੇ ਇੱਕ ਹਿੱਸੇ ’ਤੇ ਕਬਜ਼ਾ ਹੈ। ਇਹ ਗਰੁੱਪ ਸੂ ਕੀ ਦੀ ਅਗਵਾਈ ਵਾਲੀ ਸਰਕਾਰ ਨੂੰ ਡੇਗਣ ਵਾਲੀ ਫੌਜ ਦੇ ਖ਼ਿਲਾਫ਼ ਚਲ ਰਹੇ ਅੰਦੋਲਨ ਦਾ ਇੱਕ ਕਰੀਬੀ ਸਹਿਯੋਗੀ ਹੈ। ਥਾਈਲੈਂਡ ਵੱਲੋਂ ਸਰਹੱਦੀ ਖੇਤਰ ਦੀਆਂ ਲਈਆਂ ਗਈਆਂ ਤਸਵੀਰਾਂ ਵਿੱਚ ਅੱਗ ਦੀਆਂ ਲਪਟਾਂ ਉਠਦੀਆਂ ਦਿਖਾਈ ਦੇ ਰਹੀਆਂ ਹਨ। ਇਸ ਤੋਂ ਇਲਾਵਾ ਉਧਰੋਂ ਗੋਲੀਬਾਰੀ ਦੀਆਂ ਵੀ ਆਵਾਜ਼ਾਂ ਆ ਰਹੀਆਂ ਹਨ। -ਏਪੀ