ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਨਵੰਬਰ
ਦੀਵਾਲੀ ਤੋਂ ਬਾਅਦ ਮੌਸਮ ਨੇ ਆਪਣਾ ਮਿਜ਼ਾਜ਼ ਬਦਲਣਾ ਸ਼ੁਰੂ ਕਰ ਦਿੱਤਾ ਹੈ ਤੇ ਹਵਾ ’ਚ ਠੰਢ ਵੱਧਣ ਲੱਗੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਇਸ ਹਫ਼ਤੇ ਆਸਮਾਨ ਸਾਫ਼ ਰਹੇਗਾ ਅਤੇ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਜਾਵੇਗੀ। ਰਾਤ ਦਾ ਤਾਪਮਾਨ ਪੰਜ ਡਿਗਰੀ ਸੈਲਸੀਅਸ ਡਿੱਗਣ ਦਾ ਅੰਦਾਜ਼ਾ ਹੈ।
ਉਧਰ, ਦਿਨ ਦਾ ਤਾਪਮਾਨ ਵੀ 25 ਡਿਗਟੀ ਸੈਲਸੀਅਸ ਦੇ ਨੇੜੇ-ਤੇੜੇ ਰਹੇਗਾ। ਸ਼ਨਿੱਚਰਵਾਰ ਦੀ ਸਵੇਰ ਤੋਂ ਹੀ ਆਸਮਾਨ ਸਾਫ਼ ਰਿਹਾ ਤੇ ਘੱਟੋ-ਘੱਟ ਤਾਪਮਾਨ 14 ਡਿਗਰੀ ਦੇ ਨੇੜੇ ਰਿਕਾਰਡ ਕੀਤਾ ਗਿਆ ਜੋ ਅਗਲੇ ਦਿਨਾਂ ਵਿਚ ਹੋਰ ਹੇਠਾਂ ਜਾਵੇਗਾ।
ਜ਼ਿਲ੍ਹੇ ਵਿ ਚ ਅਜੇ ਮੀਂਹ ਦੇ ਨਹੀਂ ਆਸਾਰ
ਪਟਾਕਿਆਂ ਦੇ ਧੂੰਏ ਕਾਰਨ ਲੋਕਾਂ ਨੂੰ ਅਗਲੇ ਕੁਝ ਦਿਨਾਂ ਤੱਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਹਾਲੇ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਇੱਕ ਹਫ਼ਤੇ ਤੱਕ ਮੀਂਹ ਪੈਣ ਦੇ ਕੋਈ ਆਸਾਰ ਨਹੀਂ ਹਨ। ਮੌਸਮ ਵਿਭਾਗ ਦਾ ਅੰਦਾਜ਼ਾ ਇਹੀ ਹੈ ਕਿ ਇਸ ਹਫ਼ਤੇ ’ਚ ਜ਼ਿਆਦਾਤਰ ਤਾਪਮਾਨ ਤੇ ਘੱਟੋ ਘੱਟ ਤਾਪਮਾਨ ਆਮ ਤੋਂ ਘੱਟ ਰਹੇਗਾ। ਇਸ ਦੇ ਨਾਲ ਹੀ ਸ਼ਹਿਰ ’ਚ ਹੁਣ ਠੰਢ ਹੌਲੀ-ਹੌਲੀ ਜ਼ੋਰ ਫੜੇਗੀ। ਲੋਕਾਂ ਨੇ ਹੁਣ ਤੋਂ ਹੀ ਗਰਮ ਕੱਪੜੇ ਕੱਢਣੇ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਇਲਾਵਾ ਲੁਧਿਆਣਾ ਦੇ ਬਾਜ਼ਾਰਾਂ ’ਚ ਗਰਮ ਕੱਪੜਿਆਂ ਦੀ ਖ਼ਰੀਰਦਾਰੀ ਵੀ ਸ਼ੁਰੂ ਹੋ ਗਈ ਹੈ। ਸਵੇਰ ਤੇ ਸ਼ਾਮ ਨੂੰ ਵੀ ਠੰਡ ਵੇਖਣ ਨੂੰ ਮਿਲ ਰਹੀ ਹੈ।