ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਦਸੰਬਰ
ਦਿੱਲੀ ਦੇ ਜੰਤਰ-ਮੰਤਰ ’ਤੇ ਕਿਸਾਨਾਂ ਦੇ ਹੱਕ ’ਚ ਪਿਛਲੇ ਇਕ ਸਾਲ ਤੋਂ ਧਰਨੇ ’ਤੇ ਬੈਠੇ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਰਵਨੀਤ ਸਿੰਘ ਬਿੱਟੂ, ਜਸਬੀਰ ਸਿੰਘ ਗਿੱਲ, ਗੁਰਜੀਤ ਸਿੰਘ ਔਜਲਾ ਨੇ ਅੱਜ ਬਾਅਦ ਦੁਪਹਿਰ 1 ਵਜੇ ਤੋਂ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ ਕੀਤਾ ਹੈ। ਸੰਸਦ ਮੈਂਬਰਾਂ ਨੇ ਕਿਹਾ ਕਿ ਕਿਸਾਨਾਂ ਦੀ ਹਮਾਇਤ ਵਿੱਚ ਸ਼ੁਰੂ ਹੋਇਆ ਇਹ ਧਰਨਾ ਹੁਣ ਜੰਗ ਜਿੱਤਣ ਤੋਂ ਬਾਅਦ ਅੱਜ ਖਤਮ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਜਨਵਰੀ 2021 ਦੌਰਾਨ ਤਾਂ ਕਾਂਗਰਸ ਦੇ ਸੰਸਦ ਮੈਂਬਰ ਇਸ ਧਰਨੇ ਵਿੱਚ ਬੈਠਦੇ ਰਹੇ ਸਨ ਪਰ ਬਾਅਦ ਵਿੱਚ ਜਸਬੀਰ ਸਿੰਘ ਗਿੱਲ ਡਿੰਪਾ ਹੀ ਕਦੇ-ਕਦੇ ਗੇੜਾ ਮਾਰਦੇ ਰਹੇ ਹਨ। ਬਾਕੀ ਕਾਂਗਰਸੀ ਸੰਸਦ ਮੈਂਬਰਾਂ ਵਿੱਚੋਂ ਵੀ ਜ਼ਿਆਦਾਤਰ ਗਾਇਬ ਹੀ ਰਹੇ ਸਨ। ਕਾਂਗਰਸ ਦੇ ਦੋ-ਚਾਰ ਕਾਰਕੁਨ ਹੀ ਆਮ ਹਾਲਾਤ ਵਿੱਚ ਇੱਥੇ ਡਿਊਟੀ ਦਿੰਦੇ ਰਹੇ ਸਨ। ਕਿਸਾਨ 26 ਨਵੰਬਰ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ’ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸਨ। 9 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਤੋਂ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ’ਤੇ ਇਕ ਕਮੇਟੀ ਬਣਾਉਣ ਦੇ ਵਾਅਦਿਆਂ ਨਾਲ ਇਕ ਪੱਤਰ ਮਿਲਣ ਤੋਂ ਬਾਅਦ ਆਪਣਾ ਸਾਲ ਭਰ ਚੱਲਿਆ ਅੰਦੋਲਨ ਮੁਲਤਵੀ ਕਰਨ ਦਾ ਐਲਾਨ ਕੀਤਾ ਸੀ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਸਾਰੇ ਕਿਸਾਨ 15 ਦਸੰਬਰ ਤੱਕ ਧਰਨੇ ਵਾਲੀਆਂ ਥਾਵਾਂ ਤੋਂ ਚਲੇ ਜਾਣਗੇ। 19 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਜ਼ਰੂਰੀ ਬਿੱਲ ਲਿਆਵੇਗੀ।