ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸ਼ਾਰਦਾ ਚਿਟ ਫੰਡ ਘੁਟਾਲੇ ਵਿਚ ਕੋਲਕਾਤਾ ਪੁਲੀਸ ਦੇ ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਖ਼ਿਲਾਫ਼ ਸੀਬੀਆਈ ਵੱਲੋਂ ਦਾਇਰ ਹੱਤਕ ਪਟੀਸ਼ਨ ’ਤੇ ਸੁਣਵਾਈ ਦੋ ਹਫ਼ਤਿਆਂ ਲਈ ਟਾਲ ਦਿੱਤੀ ਹੈ। ਕੇਂਦਰੀ ਏਜੰਸੀ ਨੇ ਸਾਬਕਾ ਅਧਿਕਾਰੀ ’ਤੇ ਘੁਟਾਲੇ ਦੀ ਜਾਂਚ ਵਿਚ ਸਹਿਯੋਗ ਨਾ ਕਰਨ ਦਾ ਦੋਸ਼ ਲਾਇਆ ਸੀ। ਹੋਰਾਂ ਖ਼ਿਲਾਫ਼ ਵੀ ਸੁਣਵਾਈ ਫ਼ਿਲਹਾਲ ਟਾਲ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਦੇ ਪੌਂਜ਼ੀ ਸਕੀਮ ਕੇਸ ਦੀ ਜਾਂਚ ਸੀਬੀਆਈ ਕਰ ਰਹੀ ਹੈ। ਏਜੰਸੀ ਨੇ ਕੁਮਾਰ, ਸਾਬਕਾ ਮੁੱਖ ਸਕੱਤਰ ਮਾਲੇ ਕੁਮਾਰ ਡੇ ਤੇ ਰਾਜ ਦੇ ਡੀਜੀਪੀ ਵੀਰੇਂਦਰ ਖ਼ਿਲਾਫ਼ ਹੱਤਕ ਦੀ ਪਟੀਸ਼ਨ ਫਰਵਰੀ, 2019 ਵਿਚ ਦਾਇਰ ਕੀਤੀ ਸੀ। ਏਜੰਸੀ ਨੇ ਕੁਮਾਰ ਨੂੰ ਮਿਲੀ ਜ਼ਮਾਨਤ ਵੀ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਾਬਕਾ ਅਧਿਕਾਰੀ ਤੋਂ ਪੁੱਛਗਿੱਛ ਦੀ ਲੋੜ ਹੈ। -ਪੀਟੀਆਈ