ਜੋਗਿੰਦਰ ਸਿੰਘ ਮਾਨ
ਮਾਨਸਾ, 17 ਸਤੰਬਰ
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਅੱਜ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮ ਦਿਨ ਦੀ ਵਧਾਈ ਦੇਣ ਲਈ ਡਾਕਘਰ ਵੱਲ ਜਾਂਦੇ ਭਾਜਪਾ ਆਗੂਆਂ ਦਾ ਰਾਹ ਰੋਕ ਕੇ ਵਿਰੋਧ ਕੀਤਾ।
ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਉਸ ਵੇਲੇ ਜਨਮ ਦਿਨ ਮਨਾਉਣਾ ਕਿਸੇ ਪੱਖੋਂ ਵੀ ਸਹੀ ਨਹੀਂ ਹੈ ਜਦੋਂ ਦੇਸ਼ ਦੇ ਵੱਡੀ ਗਿਣਤੀ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਆਪਣਾ ਘਰ-ਬਾਰ ਛੱਡ ਕੇ ਦਿੱਲੀ ਦੀਆਂ ਬਰੂਹਾਂ ’ਤੇ ਧਰਨਾ ਦੇ ਰਹੇ ਹਨ।
ਭਾਜਪਾ ਆਗੂਆਂ ਦਾ ਇਹ ਘਿਰਾਓ ਉਸ ਵੇਲੇ ਕੀਤਾ ਗਿਆ, ਜਦੋਂ ਉਹ ਸ਼ਹਿਰ ਦੇ ਇੱਕ ਧਾਰਮਿਕ ਸਥਾਨ ’ਤੇ ਪ੍ਰਧਾਨ ਮੰਤਰੀ ਲਈ ਪੂਜਾ ਕਰਵਾਉਣ ਮਗਰੋਂ ਟੈਲੀਗ੍ਰਾਮ ਰਾਹੀਂ ਉਨ੍ਹਾਂ ਨੂੰ ਵਧਾਈ ਸੰਦੇਸ਼ ਭੇਜਣ ਲਈ ਜਾ ਰਹੇ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਜਥੇਬੰਦੀ ਨੂੰ ਜਦੋਂ ਇਸ ਸਬੰਧੀ ਖ਼ਬਰ ਮਿਲੀ ਤਾਂ ਉਨ੍ਹਾਂ ਵਧਾਈ ਸੰਦੇਸ਼ ਦੇਣ ਜਾਣ ਮੌਕੇ ਭਾਜਪਾ ਆਗੂਆਂ ਤੇ ਵਰਕਰਾਂ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ।
ਕਿਸਾਨ ਆਗੂ ਤੇਜ ਸਿੰਘ ਚੁਕੇਰੀਆਂ ਨੇ ਕਿਹਾ ਕਿ ਮੀਡੀਆ ਵਿੱਚ ਸਰਵਉੱਚ ਅਦਾਲਤ ਦੇ ਨਾਂ ਹੇਠ ਟਿਕਰੀ ਅਤੇ ਸਿੰਘੂ ਬਾਰਡਰ ਦਾ ਰਸਤਾ ਖੁੱਲ੍ਹਵਾਉਣ ਦੀਆਂ ਜੋ ਅਫ਼ਵਾਹਾਂ ਭਾਜਪਾ ਵੱਲੋਂ ਫੈ਼ਲਾਈਆਂ ਜਾ ਰਹੀਆਂ ਹਨ, ਉਨ੍ਹਾਂ ਵਿੱਚ ਰੱਤੀ ਭਰ ਵੀ ਸਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਲਗਾਤਾਰ ਵਿਰੋਧ ਕੀਤਾ ਜਾਵੇਗਾ ਤੇ ਇਸ ਲਈ ਜੋ ਵੀ ਕੁਰਬਾਨੀ ਦੇਣੀ ਪਈ, ਕਿਸਾਨ ਪਿੱਛੇ ਨਹੀਂ ਹਟਣਗੇ।
ਮਨੋਰੰਜਨ ਕਾਲੀਆ ਦਾ ਘਰ ਘੇਰਨ ਜਾਂਦੇ ਕਾਂਗਰਸੀਆਂ ਨੂੰ ਪੁਲੀਸ ਨੇ ਰੋਕਿਆ
ਜਲੰਧਰ (ਪਾਲ ਸਿੰਘ ਨੌਲੀ): ਯੂਥ ਕਾਂਗਰਸ ਦੇ ਕਾਰਕੁਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 71ਵੇਂ ਜਨਮ ਦਿਨ ਮੌਕੇ ਮਹਿੰਗੀਆਂ ਹੋਈਆਂ ਦਾਲਾਂ, ਗੈਸ ਸਿਲੰਡਰ ਤੇ ਪਿਆਜ਼ ਦੇ ਤੋਹਫੇ ਲੈ ਕੇ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਜਾ ਰਹੇ ਸਨ ਪਰ ਪੁਲੀਸ ਨੇ ਉਨ੍ਹਾਂ ਨੂੰ ਰਾਹ ਵਿੱਚ ਹੀ ਰੋਕ ਲਿਆ। ਯੂਥ ਕਾਂਗਰਸ ਤੇ ਪੁਲੀਸ ਜਵਾਨਾਂ ਵਿੱਚ ਕਾਫੀ ਸਮਾਂ ਧੱਕਾ-ਮੁੱਕੀ ਵੀ ਹੁੰਦੀ ਰਹੀ। ਪੁਲੀਸ ਨਾਲ ਹੋਈ ਧੱਕਾ-ਮੁੱਕੀ ਦੌਰਾਨ ਯੂਥ ਕਾਂਗਰਸ ਦੇ ਇਕ ਆਗੂ ਦਾ 32 ਬੋਰ ਦਾ ਪਿਸਤੌਲ ਡਿੱਗ ਪਿਆ। ਡੀਸੀਪੀ ਨਰੇਸ਼ ਡੋਗਰਾ ਨੇ ਪਿਸਤੌਲ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲੀਸ ਨੇ ਉਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਤੇ ਲਾਇਸੈਂਸ ਦੇਖਣ ਮਗਰੋਂ ਹੀ ਵਾਪਸ ਕੀਤਾ ਜਾਵੇਗਾ। ਯੂਥ ਕਾਂਗਰਸ ਦੇ ਕਾਰਕੁਨਾਂ ਨੇ ਰੋਸ ਪ੍ਰਦਰਸ਼ਨ ਦੌਰਾਨ ਆਪਣੇ ਨਾਲ ਛੋਟੀਆਂ ਬੋਤਲਾਂ ਵਿੱਚ ਡੀਜ਼ਲ ਭਰ ਕੇ ਲਿਆਂਦਾ ਹੋਇਆ ਸੀ ਤੇ ਉਹ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ। ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅੰਗਦ ਦੱਤਾ ਦੀ ਅਗਵਾਈ ਹੇਠ ਮਾਡਲ ਟਾਊਨ ਦੀ ਮਾਰਕੀਟ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਮੌਕੇ ਪ੍ਰਦਰਸ਼ਨ ਕੀਤਾ।