ਮਹਿੰਦਰ ਸਿੰਘ ਰੱਤੀਆਂ
ਮੋਗਾ, 10 ਜਨਵਰੀ
ਬੌਲੀਵੁੱਡ ਅਦਾਕਾਰ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਦੇ ਕਾਂਗਰਸ ’ਚ ਸ਼ਾਮਲ ਹੁੰਦਿਆਂ ਹੀ ਪਾਰਟੀ ’ਚ ਬਗ਼ਾਵਤ ਸ਼ੁਰੂ ਹੋ ਗਈ ਹੈ। ਮੋਗਾ ਸ਼ਹਿਰੀ ਹਲਕੇ ਤੋਂ ਮਾਲਵਿਕਾ ਸੂਦ ਨੂੰ ਟਿਕਟ ਦੇਣ ਦਾ ਵਿਰੋਧ ਅਤੇ ਕਾਂਗਰਸ ਵਿੱਚ ਬਾਗ਼ੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਇੱਥੇ ਵਿਧਾਇਕ ਡਾ. ਹਰਜੋਤ ਕਮਲ ਦੀ ਕੋਠੀ ਪਹੁੰਚ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੱਡੀ ਗਿਣਤੀ ਸਮਰਥਕਾਂ ਵੱਲੋਂ ਕੀਤਾ ਜਾਣ ਵਾਲਾ ਘਿਰਾਓ ਪੁਲੀਸ ਦੀ ਸੂਝ-ਬੂਝ ਨਾਲ ਟਲ ਗਿਆ। ਵਿਧਾਇਕ ਦੇ ਸਮਰਥਕਾਂ ਨੇ ਕਾਂਗਰਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਡਾ. ਹਰਜੋਤ ਨੂੰ ਟਿਕਟ ਨਾ ਦਿੱਤੀ ਗਈ ਤਾਂ ਉਹ ਖੁੱਲ੍ਹ ਕੇ ਕਾਂਗਰਸੀ ਉਮੀਦਵਾਰ ਦਾ ਵਿਰੋਧ ਕਰਨਗੇ।
ਨਗਰ ਨਿਗਮ ਮੇਅਰ ਨੀਤਿਕਾ ਭੱਲਾ ਨੇ ਮਾਲਵਿਕਾ ਨੂੰ ਟਿਕਟ ਦੇਣ ਖ਼ਿਲਾਫ਼ ਸਿੱਧੀ ਬਗ਼ਾਵਤ ਦਾ ਝੰਡਾ ਬੁਲੰਦ ਕਰਦਿਆਂ ਕਿਹਾ ਕਿ ਜੇਕਰ ਡਾ. ਹਰਜੋਤ ਕਮਲ ਨੂੰ ਪਾਰਟੀ ਟਿਕਟ ਨਹੀਂ ਦਿੰਦੀ ਤਾਂ ਉਹ ਆਜ਼ਾਦ ਚੋਣ ਲੜਨਗੇ ਤੇ ਉਨ੍ਹਾਂ ਸਮੇਤ ਸਾਰੇ ਕਾਂਗਰਸੀ ਕੌਂਸਲਰ ਪਾਰਟੀ ਤੋਂ ਅਸਤੀਫ਼ੇ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਡਾ. ਹਰਜੋਤ ਦੀ ਟਿਕਟ ਕੱਟੇ ਜਾਣ ਦੀ ਚਰਚਾ ਤੋਂ ਕਾਂਗਰਸੀ ਵਰਕਰਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਸੋਸ਼ਲ ਮੀਡੀਆ ਉੱਤੇ ਵੀ ਇਸ ਸਬੰਧੀ ਪੋਸਟ ਪਾ ਦਿੱਤੀ ਹੈ। ਇਸ ਮੌਕੇ ਵਿਧਾਇਕ ਡਾ. ਹਰਜੋਤ ਕਮਲ ਨੇ ਸਮਰਥਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਚੋਣ ਪਿੜ ’ਚ ਉੱਤਰਨ ਦਾ ਐਲਾਨ ਕਰ ਦਿੱਤਾ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਮਾਲਵਿਕਾ ਦੇ ਘਰ ਜਾਣ ਤੋਂ ਪਹਿਲਾਂ ਵਿਧਾਇਕ ਡਾ. ਹਰਜੋਤ ਕਮਲ ਦੀ ਮੋਗਾ ਸਥਿਤ ਕੋਠੀ ਜਾਣ ਦਾ ਪ੍ਰੋਗਰਾਮ ਸੀ। ਉਹ ਪ੍ਰੋਗਰਾਮ ਤਹਿਤ ਘਰ ਨੇੜੇ ਪੁੱਜੇ ਤਾਂ ਮੁੱਖ ਮੰਤਰੀ ਤੱਕ ਭਿਣਕ ਪੁੱਜ ਗਈ ਕਿ ਉੱਥੇ ਵੱਡੀ ਗਿਣਤੀ ’ਚ ਕਾਂਗਰਸੀ ਕੌਂਸਲਰ, ਪੰਚ, ਸਰਪੰਚ ਤੇ ਹੋਰ ਵਿਧਾਇਕ ਡਾ. ਹਰਜੋਤ ਕਮਲ ਲਈ ਟਿਕਟ ਦੀ ਮੰਗ ਕਰਨਗੇ ਅਤੇ ਉਹ ਮੰਗ ਮੰਨਵਾਉਣ ਲਈ ਘਿਰਾਓ ਵੀ ਕਰ ਸਕਦੇ ਹਨ। ਇਹ ਸੂਹ ਮਿਲਣ ਉੱਤੇ ਮੁੱਖ ਮੰਤਰੀ ਵਿਧਾਇਕ ਦੀ ਕੋਠੀ ਰੁਕਣ ਦੀ ਬਜਾਇ ਸਿੱਧਾ ਮਾਲਵਿਕਾ ਸੂਦ ਦੇ ਘਰ ਜਾ ਪੁੱਜੇ। ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਵਿੱਚ ਵਾਪਸੀ ਉੱਤੇ ਨਾਰਾਜ਼ ਵਿਧਾਇਕ ਡਾ. ਹਰਜੋਤ ਦੇ ਘਰ ਜਾਣ ਦੀ ਗੱਲ ਆਖੀ ਪਰ ਬਦਲਵੇਂ ਰਸਤੇ ਰਾਹੀਂ ਉਨ੍ਹਾਂ ਦਾ ਕਾਫ਼ਲਾ ਅਗਲੀ ਮੰਜ਼ਿਲ ਵੱਲ ਹੀ ਨਿਕਲ ਗਿਆ।
ਇਸ ਦੌਰਾਨ ਵਿਧਾਇਕ ਹਰਜੋਤ ਦੇ ਘਰ ਤੋਂ ਸਮਰਥਕਾਂ ਦਾ ਕਾਫ਼ਲਾ ਮੁੱਖ ਮੰਤਰੀ ਦੇ ਘਿਰਾਓ ਲਈ ਤੁਰਿਆ ਪਰ ਪੁਲੀਸ ਨੇ ਉਸ ਨੂੰ ਸ਼ਹਿਰ ਦੇ ਮੁੱਖ ਚੌਕ ਵਿੱਚ ਰੋਕ ਲਿਆ। ਪੁਲੀਸ ਨੇ ਸਰਕਾਰੀ ਵਾਹਨਾਂ ਦੀ ਰੋਕਾਂ ਖੜ੍ਹੀਆਂ ਕਰ ਦਿੱਤੀਆਂ, ਜਿਸ ਕਾਰਨ ਜਾਮ ਲੱਗ ਗਿਆ।