ਅਧਿਕਾਰ ਕਮਿਸ਼ਨ ਨੂੰ ਉਲਾਂਭਾ
16 ਸਤੰਬਰ ਦਾ ਸੰਪਾਦਕੀ ‘ਕਿਸਾਨਾਂ ਦੇ ਮਨੁੱਖੀ ਅਧਿਕਾਰ’ ਕਿਸਾਨ ਅੰਦੋਲਨ ਬਾਰੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਨਜ਼ਰੀਏ ’ਤੇ ਟਿੱਪਣੀ ਕਰਦਾ ਹੋਇਆ ਕਮਿਸ਼ਨ ਨੂੰ ਉਲਾਂਭਾ ਦਿੰਦਾ ਹੈ ਕਿ ਉਹ ਕਿਸਾਨਾਂ ਦੇ ਮਨੁੱਖੀ ਅਧਿਕਾਰਾਂ ਦੀ ਅਣਦੇਖੀ ਕਰ ਰਿਹਾ ਹੈ। ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੇ ਦੇਸ਼ ਭਰ ਦੇ ਦਿੱਤੇ ਅੰਕੜੇ ਇਸ ਅਣਦੇਖੀ ਦੀ ਗਵਾਹੀ ਹਨ। ਇਸ ਤੋਂ ਪਹਿਲਾਂ 15 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਡਾ. ਕੇਸਰ ਸਿੰਘ ਭੰਗੂ ਦਾ ਲੇਖ ‘ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ’ ਪੜ੍ਹਿਆ। ਸਰਲ ਭਾਸ਼ਾ ਵਿਚ ਅੰਕੜਿਆਂ ਅਤੇ ਸਿਧਾਂਤਾਂ ਦਾ ਸਹਾਰਾ ਲੈਂਦੇ ਹੋਏ ਇਹ ਨੁਕਤਾ ਆਮ ਪਾਠਕ ਸਾਹਮਣੇ ਇਹ ਸਪੱਸ਼ਟ ਕਰਨ ਵਿਚ ਸਫ਼ਲ ਹੋਇਆ ਹੈ ਕਿ ‘ਆਰਥਿਕ ਨੀਤੀਆਂ ਅਤੇ ਆਰਥਿਕ ਸੁਧਾਰ’ ਸਿਰਫ਼ ਧਨਾਢਾਂ ਲਈ ਹਨ।
ਜਗਰੂਪ ਸਿੰਘ, ਲੁਧਿਆਣਾ
(2)
ਸੰਪਾਦਕੀ ਵਿਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਬਿਲਕੁਲ ਸਹੀ ਸਵਾਲ ਪੁੱਛੇ ਹਨ ਕਿ ਗ਼ਰੀਬ ਮਜ਼ਲੂਮ ਕਿਸਾਨਾਂ ਦੇ ਅਧਿਕਾਰਾਂ ਬਾਰੇ ਉਨ੍ਹਾਂ ਨੇ ਕੀ ਸੋਚਿਆ ਹੈ? ਕੀ ਸਾਰੇ ਹੱਕ ਸਿਰਫ਼ ਸੱਤਾਧਾਰੀਆਂ ਦੇ ਹਨ? ਲੱਖਾਂ ਕਿਸਾਨ ਪਿਛਲੇ ਤਕਰੀਬਨ ਦਸ ਮਹੀਨਿਆਂ ਤੋਂ ਨੀਲੇ ਅਸਮਾਨ ਥੱਲੇ ਹੁਨਾਲੇ ਸਿਆਲੇ ਕੱਟ ਰਹੇ ਹਨ। ਉਨ੍ਹਾਂ ਦੇ ਜੀਵਨ ਅਤੇ ਅਧਿਕਾਰਾਂ ਦੀ ਰਾਖੀ ਲਈ ਹੁਣ ਤਕ ਕਿਉਂ ਨਹੀਂ ਸੋਚਿਆ ਗਿਆ?
ਡਾ. ਤਰਲੋਚਨ ਕੌਰ, ਪਟਿਆਲਾ
ਗੁਰਸ਼ਰਨ ਸਿੰਘ ਦੇ ਪਾਤਰ
16 ਸਤੰਬਰ ਦੇ ਮਿਡਲ ‘ਕੋਈ ਹਰਿਆ ਬੂਟ ਰਹਿਓ ਰੀ…’ (ਧੀ ਵੱਲੋਂ ਪਿਤਾ ਨੂੰ ਪੱਤਰ) ਪੰਜਾਬੀ ਰੰਗਮੰਚ ਦੇ ਸ਼ਾਹ-ਸਵਾਰ ਭਾਅ ਜੀ ਗੁਰਸ਼ਰਨ ਸਿੰਘ ਦੀ ਜੀਵਨ ਘਾਲਣਾ ਦੀ ਬਾਤ ਪਾਉਂਦਾ ਹੈ। ਡਾ. ਅਰੀਤ ਨੇ ਆਪਣੇ ਯੁੱਗ ਪੁਰਸ਼ ਪਿਤਾ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਨਾਟਕਾਂ ਵਿਚਲੇ ਪਾਤਰਾਂ ਦਾ ਅਜੋਕੇ ਸਮੇਂ ਨਾਲ ਮੇਲ ਕਰਾਇਆ ਹੈ। ਲੋਕ ਨਾਟਕਕਾਰ ਦੇ ਸਿਰਜੇ ਪਾਤਰਾਂ ਦੇ ਬੋਲ ਅੱਜ ਦੇ ਦੌਰ ਵਿਚ ਵੀ ਸਾਨੂੰ ਚੰਗੀ ਜ਼ਿੰਦਗੀ ਲਈ ਸੰਘਰਸ਼ ਕਰਨ ਵਾਸਤੇ ਪ੍ਰੇਰਦੇ ਹਨ।
ਅਵਨੀਤ ਕੌਰ, ਚੰਡੀਗੜ੍ਹ
(2)
ਰੰਗਕਰਮੀ ਗੁਰਸ਼ਰਨ ਸਿੰਘ ਦੇ ਜਨਮ ਦਿਨ (16 ਸਤੰਬਰ) ’ਤੇ ਛਪਿਆ ਮਿਡਲ ‘ਕੋਈ ਹਰਿਆ ਬੂਟ ਰਹੀਓ ਰੀ’ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਵਾਲਾ ਹੈ। ਧੀ ਨੇ ਪਿਤਾ ਨੂੰ ਉਨ੍ਹਾਂ ਦੇ ਕੀਤੇ ਵਡੇਰੇ ਕਾਰਜ ਰਾਹੀਂ ਯਾਦ ਕੀਤਾ ਹੈ। ਉਨ੍ਹਾਂ ਦੇ ਕੀਤੇ ਕੰਮ ਦੀ ਅਜੋਕੇ ਸਮੇਂ ਵਿਚ ਅਹਿਮੀਅਤ ਨੂੰ ਦਰਸਾਇਆ ਹੈ। ਨਾਟਕਾਂ ਨਾਲ ਲੋਕਾਂ ਦੇ ਮੁੱਦੇ ਉਠਾਉਣ ਵਾਲਾ ਨਾਟਕਕਾਰ ਦੇਸ਼ ਵਿਦੇਸ਼ ਵਸਦੇ ਆਪਣੇ ਲੋਕਾਂ ਦੇ ਚੇਤਿਆਂ ਵਿਚ ਹੀ ਨਹੀਂ ਵਸਦਾ ਸਗੋਂ ਉਨ੍ਹਾਂ ਦੇ ਸੁਫ਼ਨਿਆਂ ਨੂੰ ਪਰਵਾਜ਼ ਵੀ ਦਿੰਦਾ ਹੈ।
ਰਸ਼ਪਿੰਦਰਪਾਲ ਕੌਰ, ਲੱਖੇਵਾਲੀ (ਸ੍ਰੀ ਮੁਕਤਸਰ ਸਾਹਿਬ)
ਫੇਲ੍ਹ ਹੋਣ ਦਾ ਵਰਦਾਨ
16 ਸਤੰਬਰ ਦੇ ਇੰਟਰਨੈੱਟ ਪੰਨੇ ‘ਪੰਜਾਬੀ ਪੈੜਾਂ’ ਵਿਚ ਗੁਰਬਖ਼ਸ਼ ਸਿੰਘ ਭੰਡਾਲ ਦਾ ਲੇਖ ‘ਫੇਲ੍ਹ ਹੋਣ ਦਾ ਵਰਦਾਨ’ ਪ੍ਰੇਰਨਾ ਦੇ ਗਿਆ। ਦਰਅਸਲ ਹਰ ਇਨਸਾਨ ਦੀ ਜ਼ਿੰਦਗੀ ਵਿਚ ਬੁਰੇ ਮੌਕੇ ਆਉਂਦੇ ਰਹਿੰਦੇ ਹਨ, ਕਈ ਇਸ ਤੋਂ ਘਬਰਾ ਕੇ ਢੇਰੀ ਢਾਹ ਕੇ ਬਹਿ ਜਾਂਦੇ ਹਨ, ਕਈ ਆਪਣੀਆਂ ਕਮੀਆਂ ਨੂੰ ਪੜਚੋਲ ਕੇ ਅੱਗੇ ਵਧਣ ਲਈ ਲਗਤਾਰ ਉੱਦਮ ਕਰਦੇ ਹਨ। ਹਰਜੀਤ ਅਟਵਾਲ ਦਾ ਲੇਖ ‘ਗ੍ਰੈਫ਼ਟੀ; ਕਲਾ ਦਾ ਉੱਤਮ ਨਮੂਨਾ’ ਵੀ ਜਾਣਕਾਰੀ ਭਰਪੂਰ ਹੈ।
ਰਾਜਨਦੀਪ ਕੌਰ ਮਾਨ, ਈਮੇਲ
ਕੁਦਰਤ ਨਾਲ ਮੁਹੱਬਤ
15 ਸਤੰਬਰ ਦੇ ਮਿਡਲ ‘ਢਲ਼ਦੇ ਸੂਰਜ ਦੇ ਸਨਮੁਖ’ ਵਿਚ ਪਰਮਬੀਰ ਕੌਰ ਅਨੁਸਾਰ ਬੇਅੰਤ ਕੁਦਰਤ ਨਾਲ ਪਿਆਰ ਦੀ ਕੋਈ ਸੀਮਾ ਨਹੀਂ, ਕੁਦਰਤ ਦੇ ਕਵੀ ਵਜੋਂ ਪ੍ਰਸਿੱਧ ਲਾਰਡ ਵਿਲੀਅਮ ਵਰਡਜ਼ਵਰਥ ਨਾਲ ਸਹਿਮਤ ਹੋਣਾ ਹੈ। ‘ਟੂ ਏ ਬਟਰਫਲਾਈ’ ਅਤੇ ‘ਸੌਲੇਟਰੀ ਰੀਪਰ’ ਵਿਚ ਉਹ ਆਪਣੇ ਆਪ ਨੂੰ ਕੁਦਰਤ ਦੇ ਸਨਮੁੱਖ ਹੀ ਦਰਸਾਉਂਦਾ ਹੈ। ਸ਼ਹਿਰ ਦੇ ਮੁਕਾਬਲੇ ਕੁਦਰਤ ਦਾ ਦੇਹਾਤੀ ਨਜ਼ਾਰਾ ਵੱਧ ਪਿਆਰਾ ਲੱਗਦਾ ਹੈ। ਅਖ਼ੀਰਲੇ ਪਹਿਰੇ ਵਿਚ ਲੇਖਕ ਢਲ਼ਦੇ ਸੂਰਜ ਦੇ ਮੁਕਾਬਲੇ ਚੜ੍ਹਦੇ ਸੂਰਜ ਨੂੰ ਵੱਧ ਸ਼ਾਨਦਾਰ ਕਹਿੰਦੀ ਹੈ, ਇਸ ਲਈ ਚੰਗਾ ਹੁੰਦਾ ਜੇ ਸਿਰਲੇਖ ‘ਚੜ੍ਹਦੇ ਸੂਰਜ ਸਨਮੁਖ’ ਹੁੰਦਾ। ਇਸ ਤੋਂ ਪਹਿਲਾਂ 13 ਸਤੰਬਰ ਨੂੰ ਵਿਜੈ ਕੁਮਾਰ ਦਾ ਮਿਡਲ ‘ਬੱਚੇ ਦੇ ਬੋਲ’ ਪੜ੍ਹਿਆ। ਇਸ ਵਿਚ ਵਿਦਿਆਰਥੀ ਵੱਲੋਂ ਦਾਨ ਕੀਤੀ ਵਰਦੀ ਇਹ ਕਹਿੰਦਿਆਂ ਨਾ ਲੈਣਾ ਕਿ ‘‘ਸਰ ਅਸੀਂ ਸੱਚਮੁੱਚ ਆਰਥਿਕ ਤੌਰ ’ਤੇ ਕਮਜ਼ੋਰ ਹਾਂ ਲੇਕਿਨ ਮੈਂ ਅਤੇ ਮੇਰੀ ਵਿਧਵਾ ਮਾਂ ਗ਼ਰੀਬ ਨਹੀਂ। ਲੋੜਵੰਦ ਬੱਚਿਆਂ ਨੂੰ ਦੂਜਿਆਂ ਦੇ ਸਾਹਮਣੇ ਨਾ ਕੁਝ ਦਿਆ ਕਰੋ ਅਤੇ ਉਨ੍ਹਾਂ ਦੀ ਫ਼ੋਟੋ ਅਖ਼ਬਾਰ ਨੂੰ ਨਾ ਦਿਆ ਕਰੋ, ਦੂਜੇ ਬੱਚੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ’’ ਸੁੰਨ ਕਰ ਦੇਣ ਵਾਲਾ ਬਿਰਤਾਂਤ ਹੈ। ਬੱਚੇ ਦੇ ਇਨ੍ਹਾਂ ਬੋਲਾਂ ਨੇ ਲੇਖਕ ਦੇ ਹੀ ਨਹੀਂ ਪੜ੍ਹਨ ਸੁਣਨ ਵਾਲਿਆਂ ਦੇ ਪੈਰਾਂ ਥੱਲਿਓਂ ਵੀ ਜ਼ਮੀਨ ਖਿਸਕਾ ਦਿੱਤੀ। ਪੰਜਾਬ ਦੇ ਕਰੋੜਾਂ/ਅਰਬਾਂਪਤੀ ਅਤੇ ਸਭ ਕੁਝ ਮੁਫ਼ਤ ਲੈਣ ਵਾਲੇ ਵਿਧਾਇਕ ਆਮਦਨ ਕਰ ਅਤੇ ਖੇਤੀ ਮੋਟਰਾਂ ਦੇ ਬਿੱਲ ਨਹੀਂ ਦੇ ਸਕਦੇ ਅਤੇ ਗ਼ਰੀਬਾਂ ਨੂੰ ਸਾਢੇ ਚਾਰ ਸਾਲ ਅੱਧੀ ਪੈਨਸ਼ਨ ਦੇ ਕੇ ਹੁਣ ਵਧੀ ਪੈਨਸ਼ਨ ਚੈਕਾਂ ਰਾਹੀਂ ਦੇ ਕੇ ਅਖ਼ਬਾਰਾਂ ’ਚ ਫ਼ੋਟੋਆਂ ਛਪਵਾ ਰਹੇ ਹਨ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
(2)
ਰੂਹ ਨੂੰ ਜਦੋਂ ਰੂਹ ਦੀ ਖ਼ੁਰਾਕ ਮਿਲਦੀ ਹੈ ਤਾਂ ਇਹ ਕਿਸੇ ਅਲੌਕਿਕ ਵਿਸਮਾਦੀ ਰੰਗ ਵਿਚ ਲਬਰੇਜ਼ ਹੋ ਜਾਂਦੀ ਹੈ, ਇਸ ਦਾ ਲਬੋ-ਲਬਾਬ ਪੂਰੀ ਤਰ੍ਹਾਂ ਹਸੀਨ ਖੇੜੇ ਵਿਚ ਤਬਦੀਲ ਹੋ ਜਾਂਦਾ ਹੈ। ਕੁਝ ਇਹੋ ਜਿਹਾ ਹੀ 15 ਸਤੰਬਰ ਦੇ ਅੰਕ ਵਿਚ ਛਪੇ ਪਰਮਬੀਰ ਕੌਰ ਦੇ ਲੇਖ ‘ਢਲ਼ਦੇ ਸੂਰਜ ਦੇ ਸਨਮੁੱਖ’ ਵਿਚ ਦੇਖਣ ਨੂੰ ਮਿਲਿਆ। ਲਿਖਾਰੀ ਨੇ ਆਪਣੀ ਵਿਲੱਖਣ ਸ਼ੈਲੀ ਦੇ ਵਹਾਅ ਨਾਲ ਕੁਦਰਤ ਨੂੰ ਮਾਨਣ ਤੇ ਉਸ ਵਿਚ ਇਕਮਿੱਕ ਹੋਣ ਦੀ ਖਿੱਚ ਤੇ ਨਾਲ ਹੀ ਇਕੱਲ ’ਚ ਬੰਦਾ ਕਿਵੇਂ ਰਹਿ ਸਕਦਾ ਹੈ, ਨੂੰ ਦਰਸਾਇਆ ਹੈ।
ਮਨਿੰਦਰਜੀਤ ਕੌਰ ਬਾਠ, ਪਿੰਡ ਮਹਿਲਾਂਵਾਲਾ (ਅੰਮ੍ਰਿਤਸਰ)
ਚਾਬਹਾਰ ਬੰਦਰਗਾਹ ਦਾ ਨਾਮਕਰਨ
17 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਜੀ ਪਾਰਥਾਸਾਰਥੀ ਦੇ ਲੇਖ ‘ਤਾਲਿਬਾਨ ਦਾ ਕੱਟੜਪੰਥੀ ਚਿਹਰਾ ਅਤੇ ਭਾਰਤ’ ਵਿਚ ਇਰਾਨ ਦੀ ਬੰਦਰਗਾਹ ‘ਚਾਬਹਾਰ’ ਦਾ ਜ਼ਿਕਰ ਆਇਆ ਹੈ। ‘ਚਾਬਹਾਰ’ ਫ਼ਾਰਸੀ ਦੇ ਦੋ ਸ਼ਬਦਾਂ-ਚਹਾਰ (ਚਾਰ), ਬਹਾਰ (ਬਸੰਤ ਰੁੱਤ) ਦੇ ਜੋੜ ‘ਚਹਾਰਬਹਾਰ’ ਤੋਂ ਸੰਖੇਪ ਕਰ ਕੇ ਬਣਿਆ ਸ਼ਬਦ ਹੈ। ਇਰਾਨ ਵਿਚ ਘੱਟਗਿਣਤੀ ਬਲੋਚਾਂ ਦੇ ਇਸ ਖ਼ਿੱਤੇ ਵਿਚ ਬਲੋਚਾਂ ਦੇ ਇਸ (ਚਾਬਹਾਰ) ਮੁਹਾਵਰੇਦਾਰ ਕਥਨ ਦਾ ਮਤਲਬ ਹੈ ਕਿ ਇਸ ਇਲਾਕੇ ਵਿਚ ਸਾਰੇ ਸਾਲ ਦੀਆਂ ਚਾਰ ਰੁੱਤਾਂ ਦਾ ਮੌਸਮ ਇਕ ਸਾਰ ਬਸੰਤ ਰੁੱਤ ਵਰਗਾ ਰਹਿੰਦਾ ਹੈ।
ਕੁਲਦੀਪ ਸਿੰਘ, ਯੂਨੀਅਨ ਸਿਟੀ (ਕੈਲੀਫੋਰਨੀਆ, ਅਮਰੀਕਾ)