ਹੈਦਰਾਬਾਦ, 25 ਮਾਰਚ
ਫ਼ਿਲਮਸਾਜ਼ ਵੇਨੂ ਕੇ.ਸੀ. ਕਬੱਡੀ ਦੇ ਕੌਮੀ ਖਿਡਾਰੀ ਅਰਜੁਨ ਚੱਕਰਵਰਤੀ ਦੇ ਜੀਵਨ ਬਾਰੇ ਬਣ ਰਹੀ ਫ਼ਿਲਮ ਦਾ ਨਿਰਦੇਸ਼ਨ ਕਰ ਰਿਹਾ ਹੈ। ਵੇਨੂ ਦਾ ਮੰਨਣਾ ਹੈ ਕਿ ਅਰਜੁਨ ਦੀ ਜ਼ਿੰਦਗੀ ਤੇ ਸੰਘਰਸ਼ ਬਾਰੇ ਲੋਕਾਂ ਨੂੰ ਦੱਸਣ ਦੀ ਲੋੜ ਹੈ। ਇਹ ਫ਼ਿਲਮ ਤੇਲਗੂ ਤੇ ਤਾਮਿਲ ਭਾਸ਼ਾ ਵਿੱਚ ਬਣ ਰਹੀ ਹੈ ਅਤੇ ਇਸ ਦੇ ਨਾਲ ਨਾਲ ਇਹ ਹਿੰਦੀ, ਮਲਿਆਲਮ ਅਤੇ ਕੰਨੜ ਭਾਸ਼ਾ ਵਿੱਚ ਵੀ ‘ਡੱਬ’ ਕੀਤੀ ਜਾਵੇਗੀ। ਅੱਜ ਇਸ ਫ਼ਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਖ਼ਬਰ ਏਜੰਸੀ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਵੇਨੂ ਨੇ ਆਖਿਆ,‘‘ਮੈਂ ਖਿਡਾਰੀ ਹੋਣ ਦੇ ਨਾਤੇ ਸੂਬਾ ਪੱਧਰੀ ਜੂਨੀਅਰ ਖੇਡ ਮੁਕਾਬਲਿਆਂ ’ਚ ਭਾਗ ਲੈ ਚੁੱਕਾ ਹਾਂ। ਉਦੋਂ ਸਾਡਾ ਕੋਚ ਸਾਨੂੰ ਪ੍ਰੇਰਿਤ ਕਰਨ ਲਈ ਆਪਣੇ ਕੋਚ ਦੀ ਕਹਾਣੀ ਦੱਸਦਾ ਹੁੰਦਾ ਸੀ। ਉਸ ਕਹਾਣੀ ਨੇ ਮੈਨੂੰ ਸਕਰਿਪਟ ਲਿਖਣ ਲਈ ਪ੍ਰੇਰਿਤ ਕੀਤਾ। ਮੈਂ ਕਰੀਬ 25 ਕਹਾਣੀਆਂ ਲਿੱਖ ਚੁੱਕਾ ਹਾਂ ਪਰ ਉਸ ਕੋਚ ਦੀ ਕਹਾਣੀ ਜਿੰਨਾ ਮੈਨੂੰ ਕਿਸੇ ਨੇ ਨਹੀਂ ਟੁੰਬਿਆ। ਮੈਂ ਉਨ੍ਹਾਂ ਥਾਵਾਂ ’ਤੇ ਵੀ ਗਿਆ ਜਿਥੇ ਕੋਚ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਬਤੀਤ ਕੀਤਾ। ਮੈਂ ਪਿੰਡ ਵਾਸੀਆਂ ਨੂੰ ਮਿਲਿਆ ਤੇ ਜਾਣਕਾਰੀ ਇਕੱਠੀ ਕੀਤੀ। ਉਸ ਦੀ ਸ਼ਖ਼ਸੀਅਤ ਨੂੰ ਸਮਝਣਾ ਮੇਰੇ ਲਈ ਬਹੁਤ ਅਹਿਮ ਹੈ, ਕਿਉਂਕਿ ਉਸ ਨੇ ਜ਼ਿੰਦਗੀ ’ਚ ਕਈ ਸਾਲ ਤੱਕ ਔਕੜਾਂ ਦਾ ਸਾਹਮਣਾ ਕੀਤਾ ਹੈ। ਇਸ ਲਈ ਮੈਂ ਮਹਿਸੂਸ ਕੀਤਾ ਕਿ ਉਸ ਦੀ ਕਹਾਣੀ ਬਾਰੇ ਭਾਰਤੀਆਂ ਨੂੰ ਦੱਸਣ ਦੀ ਲੋੜ ਹੈ।’’ -ਆਈਏਐੱਨਐੱਸ