ਪੱਤਰ ਪ੍ਰੇਰਕ
ਦੀਨਾਨਗਰ, 24 ਜੁਲਾਈ
ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਅੱਜ 20.31 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੜੋਲੀ ’ਚ ਉਸਾਰੇ ਗਏ ਦੋ ਵਾਧੂ ਜਮਾਤ ਦੇ ਕਮਰਿਆਂ ਅਤੇ ਲਾਇਬਰੇਰੀ ਦਾ ਉਦਘਾਟਨ ਕੀਤਾ ਗਿਆ। ਇਸ ਲਈ ਸਕੂਲ ਨੂੰ ਸਿੱਖਿਆ ਅਭਿਆਨ ਅਤੇ ਨਾਬਾਰਡ ਅਧੀਨ ਗਰਾਂਟ ਜਾਰੀ ਕੀਤੀ ਗਈ ਸੀ। ਇਸ ਮੌਕੇ ਪ੍ਰਿੰਸੀਪਲ ਅਨਿਲ ਭੱਲਾ ਦੀ ਦੇਖਰੇਖ ਹੇਠ ਸਮਾਗਮ ਹੋਇਆ। ਇਸ ਮੌਕੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਅੱਜ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਕਿਸੇ ਪੱਖੋਂ ਵੀ ਘੱਟ ਨਹੀਂ ਹਨ, ਜਿਸਦਾ ਸਬੂਤ ਸਰਕਾਰੀ ਸਕੂਲਾਂ ਦੇ ਚੰਗੇ ਨਤੀਜਿਆਂ ਅਤੇ ਇਨ੍ਹਾਂ ਅੰਦਰ ਬਣ ਰਹੀਆਂ ਨਵੀਆਂ ਇਮਾਰਤਾਂ ਤੇ ਸਮਾਰਟ ਕਲਾਸ ਰੂਮਾਂ ਤੋਂ ਮਿਲਦਾ ਹੈ। ਇਸ ਮੌਕੇ ਪ੍ਰਿੰਸੀਪਲ ਅਨਿਲ ਭੱਲਾ ਨੇ ਸਕੂਲ ’ਚ ਇੰਟਰਲਾਕਿੰਗ ਟਾਈਲਾਂ ਲਗਾਉਣ ਲਈ ਗਰਾਂਟ ਦੀ ਮੰਗ ਕੀਤੀ, ਜਿਸ ਨੂੰ ਜ਼ਰੂਰੀ ਸਮਝਦਿਆਂ ਕੈਬਨਿਟ ਮੰਤਰੀ ਨੇ ਮੌਕੇ ’ਤੇ ਹੀ ਢਾਈ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਰਪਾਲ ਸਿੰਘ ਸੰਧਾਵਾਲੀਆ, ਡੀਈਓ (ਐਲੀਮੈਂਟਰੀ) ਮਦਨ ਲਾਲ ਸ਼ਰਮਾ, ਡਿਪਟੀ ਡੀਈਓ ਬਲਬੀਰ ਸਿੰਘ, ਬਲਾਕ ਸਮਿਤੀ ਚੇਅਰਮੈਨ ਹਰਵਿੰਦਰ ਸਿੰਘ ਭੱਟੀ ਹਾਜ਼ਰ ਸਨ।