ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਸਤੰਬਰ
ਪੰਜਾਬੀ ਨਾਟਕ ਅਤੇ ਰੰਗਮੰਚ ਦੇ ਸਿਰਮੌਰ ਹਸਤਾਖਰ ਗੁਰਸ਼ਰਸ਼ਨ ਸਿੰਘ (ਭਾਅ ਜੀ) ਦੇ 92ਵੇਂ ਜਨਮ ਦਿਨ ਮੌਕੇ ਪੰਜਾਬੀ ਯੂਨੀਵਰਸਿਟੀ ਵੱਲੋਂ ‘ਗੁਰਸ਼ਰਨ ਸਿੰਘ ਸਿਮਰਤੀ ਗ੍ਰੰਥ’ ਰਿਲੀਜ਼ ਕੀਤਾ ਗਿਆ। ਗੁਰਸ਼ਰਨ ਸਿੰਘ ਨਮਿਤ ਇਸ ਸਿਮਰਤੀ ਗ੍ਰੰਥ ਦੇ ਲੋਕ ਅਰਪਣ ਨੂੰ ਸਮਰਪਿਤ ਦੋ ਰੋਜ਼ਾ ਨਾਟ ਉਤਸਵ ਵੀ ਕਰਵਾਇਆ ਗਿਆ।
ਇਸ ਦੌਰਾਨ ਨਾਟਕਕਾਰ ਕੇਵਲ ਧਾਲੀਵਾਲ ਦੇ ਨਿਰਦੇਸ਼ਨ ਹੇਠ ਨਾਟਕ ‘‘ਮੈਂ ਰੋ ਨਾ ਲਵਾਂ ਇੱਕ ਵਾਰ’’ ਖੇਡਿਆ ਗਿਆ। ਇਹ ਨਾਟਕ ਕਾਹਣੀਕਾਰ ਵਰਿਆਮ ਸੰਧੂ ਦੀ ਕਹਾਣੀ ’ਤੇ ਆਧਾਰਿਤ ਹੈ। ਨਾਟਕਕਾਰ ਕੇਵਲ ਧਾਲੀਵਾਲ ਨੇ ਜਿੱਥੇ ਗੁਰਸ਼ਰਨ ਭਾਅ ਜੀ ਨਾਲ ਕੀਤੇ ਨਾਟਕਾਂ ਦਾ ਅਨੁਭਵ ਸਾਂਝਾ ਕੀਤਾ, ਉਥੇ ਹੀ ਉਨ੍ਹਾਂ ਦੀਆਂ ਨਾਟ-ਜੁਗਤਾਂ ਨੂੰ ਹੋਰ ਵਧੇਰੇ ਨੀਝ ਨਾਲ ਸਮਝਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਅੱਜ ਦੂਜੇ ਦਿਨ ਅੰਮ੍ਰਿਤਸਰ ਸਕੂਲ ਆਫ਼ ਡਰਾਮਾ ਦੀ ਟੀਮ ਨੇ ‘‘ਸੀਸ ਤਲੀ ’ਤੇ’’ ਨਾਟਕ ਖੇਡਿਆ। ਗੁਰਸ਼ਰਨ ਸਿੰਘ ਦੇ ਹੀ ਲਿਖੇ ਇਸ ਨਾਟਕ ਦੇ ਡਾਇਰੈਕਟਰ ਵਿਧੂ ਸ਼ਰਮਾ ਹਨ।
ਦੋ ਰੋਜ਼ਾ ਇਹ ਸਮਾਗਮ ਯੂਨੀਵਰਸਿਟੀ ਦੇ ਭਾਸ਼ਾ ਵਿਕਾਸ ਵਿਭਾਗ, ਯੁਵਕ ਭਲਾਈ ਵਿਭਾਗ ਅਤੇ ਥੀਏਟਰ ਤੇ ਟੈਲਵਿਜ਼ਨ ਵਿਭਾਗ ਵੱਲੋਂ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ਼ ਕਰਵਾਇਆ ਗਿਆ ਜਿਸ ਤਹਿਤ ਹੀ ਪੰਜਾਬ ਸੰਗੀਤ ਅਕਾਦਮੀ ਦੇ ਸਕੱਤਰ ਪ੍ਰੀਤਮ ਰੁਪਾਲ ਸਮੇਤ ਉਕਤ ਤਿੰਨਾਂ ਵਿਭਾਗਾਂ ਦੇ ਮੁਖੀਆਂ ਡਾ. ਅਮਰਜੀਤ ਕੌਰ, ਡਾ. ਗੁਰਸੇਵਕ ਲੰਬੀ ਅਤੇ ਪ੍ਰੋ. ਜਸਪਾਲ ਦਿਓਲ ਨੇ ਵੀ ਸਮਾਗਮ ਦੀ ਸਫਲਤਾ ਲਈ ਬਣਦੀ ਭੂਮਿਕਾ ਨਿਭਾਈ। ਡਾ. ਅਮਰਜੀਤ ਕੌਰ ਵੱਲੋਂ ਸਵਾਗਤੀ ਸ਼ਬਦ ਆਖਣ ਨਾਲ ਆਰੰਭ ਹੋਏ ਸਿਮਰਤੀ ਗ੍ਰੰਥ ਰਿਲੀਜ਼ ਸਮਾਰੋਹ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਅਰਵਿੰਦ ਨੇ ਕੀਤੀ। ਮੁੱਖ ਬੁਲਾਰੇ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਅੰਗਰੇਜ਼ੀ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਪਰਮਿੰਦਰ ਸਿੰਘ ਨੇ ਗੁਰਸ਼ਰਨ ਸਿੰਘ ਦੀ ਰਾਜਸੀ ਅਤੇ ਸਭਿਆਚਾਰਕ ਚੇਤਨਾ ਨੂੰ ਮੌਜੂਦਾ ਦੌਰ ਦੇ ਪ੍ਰਸੰਗ ਵਿਚ ਵੀ ਸਮਝਣ ਦੀ ਲੋੜ ’ਤੇ ਜ਼ੋਰ ਦਿੱਤਾ।
ਆਪਣੇ ਪਿਤਾ ਗੁਰਸ਼ਰਨ ਸਿੰਘ ਦੇ ਸੰਘਰਸ਼, ਦਰਸ਼ਨ ਅਤੇ ਨਾਟਕ ਕਲਾ ਬਾਰੇ ਗੱਲਾਂ ਸਾਂਝੀਆਂ ਕਰਦਿਆਂ ਡਾ. ਨਵਸ਼ਰਨ ਕੌਰ ਨੇ ਕਿਹਾ ਕਿ ਗੁਰਸ਼ਰਨ ਸਿੰਘ ਨੇ ਜ਼ੁਲਮ ਖ਼ਿਲਾਫ਼ ਗੱਲ ਕਰਨ ਲਈ ਜ਼ਮੀਨ ਤਿਆਰ ਕੀਤੀ ਸੀ। ਉਨ੍ਹਾਂ ਦੀ ਛੋਟੀ ਬੇਟੀ ਡਾ. ਅਰੀਤ ਨੇ ਆਪਣੇ ਪਿਤਾ ਨਾਲ ਸਬੰਧਤ ਯਾਦਾਂ ਦੇ ਹਵਾਲੇ ਨਾਲ ਯੂਨੀਵਰਸਿਟੀਆਂ ਨੂੰ ਉਨ੍ਹਾਂ ਵਲੋਂ ਕੀਤੇ ਗਏ ਕਾਰਜਾਂ ਬਾਰੇ ਕੰਮ ਕਰਵਾਉਣ ’ਤੇ ਜ਼ੋਰ ਦਿੱਤਾ।
ਸ੍ਰੀ ਅਮੋਲਕ ਦਾ ਕਹਿਣਾ ਸੀ ਕਿ ਗੁਰਸ਼ਰਨ ਸਿੰਘ ਵਰਗੇ ਯੋਧਿਆਂ ਬਾਰੇ ਨਿੱਠ ਕੇ ਗੱਲ ਕਰਨ ਲਈ ਯੂਨੀਵਰਸਿਟੀ ਵਧਾਈ ਦੀ ਪਾਤਰ ਹੈ।
ਸਵਰਾਜਬੀਰ, ਗਰੋਵਰ ਤੇ ਮਰਵਾਹਾ ਬਣੇ ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਮੈਂਬਰ
ਪੰਜਾਬੀ ਯੂਨੀਵਰਸਿਟੀ ’ਚ ਸੈਨੇਟ ਦੀ ਮੀਟਿੰਗ ਉੁੱਪ ਕੁਲਪਤੀ ਡਾ. ਅਰਵਿੰਦ ਦੀ ਪ੍ਰਧਾਨਗੀ ਹੇਠ ਹੋਈ ਜਿਸ ’ਚ ਯੂਨੀਵਰਸਿਟੀ ਦੇ ਵੱਖ ਵੱਖ ਮੁੱਦਿਆਂ ’ਤੇ ਚਰਚਾ ਕੀਤੀ ਗਈ। ਇਸੇ ਦੌਰਾਨ ਹੀ ਸੈਨੇਟ ਵੱਲੋਂ ਤਿੰਨ ਉੱਘੀਆਂ ਸ਼ਖ਼ਸੀਅਤਾਂ ਨੂੰ ਸੈਨੇਟ ਮੈਂਬਰਾਂ ਵਜੋਂ ਨਾਮਜ਼ਦ ਕੀਤਾ ਗਿਆ, ਜਿਨ੍ਹਾਂ ’ਚ ਸਾਹਿਤ ਅਕਾਦਮੀ ਐਵਾਰਡ ਜੇਤੂ ਨਾਟਕਕਾਰ ਸਵਰਾਜਬੀਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਵਾਈਸ ਚਾਂਸਲਰ ਡਾ. ਅਰੁਣ ਗਰੋਵਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਬਕਾ ਚੇਅਰਮੈਨ ਡਾ. ਐਸ ਐਸ. ਮਰਵਾਹਾ ਦੇ ਨਾਂ ਸ਼ਾਮਲ ਹਨ।