ਕਾਠਮੰਡੂ, 23 ਜੂਨ
ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਦਾਅਵਾ ਕੀਤਾ ਹੈ ਕਿ ਯੋਗ ਦਾ ਆਰੰਭ ਭਾਰਤ ਵਿਚ ਨਹੀਂ ਬਲਕਿ ਨੇਪਾਲ ਵਿਚ ਹੋਇਆ ਸੀ। ਉਨ੍ਹਾਂ ਦੇ ਇਸ ਦਾਅਵੇ ਨਾਲ ਇਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਹਾਲਾਂਕਿ, ਨੇਪਾਲ ਦੇ ਹੀ ਇਕ ਮਾਹਿਰ ਇਸ ਗੱਲ ਤੋਂ ਸਹਿਮਤ ਨਜ਼ਰ ਨਹੀਂ ਆਏ।
ਬਾਲੁਵਤਾਰ ਵਿੱਚ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵਿਖੇ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਸਬੰਧੀ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਓਲੀ ਨੇ ਕਿਹਾ ਕਿ ਜਿਸ ਵੇਲੇ ਵਿਸ਼ਵ ਦੇ ਇਸ ਹਿੱਸੇ ਵਿਚ ਯੋਗ ਦਾ ਆਰੰਭ ਹੋਇਆ ਉਦੋਂ ਤਾਂ ਭਾਰਤ ਇਕ ਵੱਖਰੇ ਮੁਲਕ ਵਜੋਂ ਹੋਂਦ ਵਿੱਚ ਵੀ ਨਹੀਂ ਆਇਆ ਸੀ। ਉਨ੍ਹਾਂ ਕਿਹਾ, ‘‘ਵਿਸ਼ਵ ਦੇ ਇਸ ਹਿੱਸੇ ਵਿਚ ਯੋਗ ਦਾ ਆਰੰਭ ਹੋਇਆ। ਯੋਗ ਉੱਤਰਾਖੰਡ ਵਿਚ ਸ਼ੁਰੂ ਹੋਇਆ ਸੀ। ਨੇਪਾਲ ਹੀ ਯੋਗ ਦਾ ਜਨਮ ਸਥਲ ਸੀ।’’ ਸ੍ਰੀ ਓਲੀ ਨੇ ਕਿਹਾ, ‘‘ਕੋਈ 15,000 ਸਾਲ ਪਹਿਲਾਂ ਸ਼ੰਭੂਨਾਥ ਜਾਂ ਸ਼ਿਵ ਨੇ ਯੋਗ ਅਭਿਆਸ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਮਹਾਰਿਸ਼ੀ ਪਤੰਜਲੀ ਨੇ ਯੋਗ ਦੇ ਦਰਸ਼ਨ ਨੂੰ ਵਧੇਰੇ ਸੁਧਾਰ ਕੇ ਅਤੇ ਵਿਵਸਥਿਤ ਢੰਗ ਨਾਲ ਵਿਕਸਤ ਕੀਤਾ। ਯੋਗ ਕਿਸੇ ਵਿਸ਼ੇਸ਼ ਧਰਮ ਜਾਂ ਪੰਥ ਨਾਲ ਸਬੰਧਤ ਨਹੀਂ ਹੈ। ਸ਼ਿਵ ਨੇ ਧਰਤੀ ’ਤੇ ਸਭ ਤੋਂ ਲੰਬੇ ਦਿਨ ਜੋ ਕਿ ਗਰੈਗੋਰੀਅਨ ਕੈਲੰਡਰ ਮੁਤਾਬਕ 21 ਜੂਨ ਨੂੰ ਪੈਂਦਾ ਹੈ, ਨੂੰ ਯੋਗ ਦਾ ਅਭਿਆਸ ਸ਼ੁਰੂ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸੇ ਦਿਨ ਕੌਮਾਂਤਰੀ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ, ਜਿਸ ਲਈ ਸਾਨੂੰ ਸਾਰਿਆਂ ਨੂੰ ਖੁਸ਼ ਹੋਣਾ ਚਾਹੀਦਾ ਹੈ।’’ ਉਨ੍ਹਾਂ ਦਾਅਵਾ ਕੀਤਾ, ‘‘ਅਸਲ ਵਿਚ ਯੋਗ ਦਾ ਆਰੰਭ ਉੱਤਰਾਖੰਡ ਵਿਚ ਹੋਇਆ ਸੀ ਅਤੇ ਉਸ ਵੇਲੇ ਉੱਤਰਾਖੰਡ ਮੌਜੂਦਾ ਭਾਰਤ ਵਿਚ ਨਹੀਂ ਸੀ। ਉਸ ਵੇਲੇ ਤਾਂ ਭਾਰਤ ਇਕ ਮੁਲਕ ਵਜੋਂ ਹੋਂਦ ਵਿਚ ਵੀ ਨਹੀਂ ਆਇਆ ਸੀ। ਸਿਰਫ਼ ਯੋਗ ਹੀ ਨਹੀਂ ਬਲਕਿ ਕਪਿਲ ਮੁਨੀ ਵੱਲੋਂ ਪਸਾਰੀ ਗਈ ਸਾਮਖਿਆ ਵਿਚਾਰਧਾਰਾ ਵੀ ਸਾਡੀ ਹੀ ਧਰਤੀ ਤੋਂ ਸ਼ੁਰੂ ਹੋਈ ਸੀ।’’ ਸਾਮਖਿਆ ਭਾਰਤੀ ਦਰਸ਼ਨ ਦੀਆਂ ਛੇ ਆਸਤਿਕਾ ਵਿੱਦਿਆਵਾਂ ਵਿਚੋਂ ਇਕ ਹੈ। ਇਹ ਯੋਗ ਦੀ ਸਿਧਾਂਤਕ ਨੀਂਹ ਤਿਆਰ ਕਰਦਾ ਹੈ। ਸ੍ਰੀ ਓਲੀ ਨੇ ਕਿਹਾ ਕਿ ਚਰਕ ਰਿਸ਼ੀ ਜਿਨ੍ਹਾਂ ਨੇ ਆਯੁਰਵੈਦ ਦਾ ਵਿਕਾਸ ਕੀਤਾ ਸੀ ਉਹ ਵੀ ਇਸੇ ਦੇਸ਼ ਵਿਚ ਪੈਦਾ ਹੋਏ ਸਨ। ਉੱਧਰ, ਨੇਪਾਲ ਦੇ ਇਕ ਯੋਗ ਮਾਹਿਰ ਯੋਗਾਚਾਰਿਆ ਜੀ.ਐੱਨ. ਸਰਸਵਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਓਲੀ ਦਾ ਦਾਅਵਾ ਪੂਰੇ ਸੱਚ ’ਤੇ ਆਧਾਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਯੋਗ ਦਾ ਆਰੰਭ ਭਾਰਤਵਰਸ਼ ’ਚ ਹਿਮਾਲਿਆ ਖੇਤਰ ਤੋਂ ਹੋਇਆ ਜਿਸ ਵਿਚ ਭਾਰਤ, ਨੇਪਾਲ, ਪਾਕਿਸਤਾਨ, ਅਫ਼ਗਾਨਿਸਤਾਨ, ਤਿੱਬਤ, ਸ੍ਰੀਲੰਕਾ ਤੇ ਬੰਗਲਾਦੇਸ਼ ਸ਼ਾਮਲ ਸਨ। ਯੋਗ ਦਾ ਆਰੰਭ ਹਿਮਾਲਿਆ ਤੋਂ ਹੋਇਆ ਅਤੇ ਇਸ ਦਾ ਵਿਕਾਸ ਰਿਸ਼ੀਆਂ ਨੇ ਕੀਤਾ ਜੋ ਕਿ ਹਿਮਾਲਿਆ ਖੇਤਰ ਵਿਚ ਰਹਿੰਦੇ ਅਤੇ ਅਭਿਆਸ ਕਰਦੇ ਸਨ। -ਪੀਟੀਆਈ