ਬੀਰਬਲ ਰਿਸ਼ੀ
ਸ਼ੇਰਪੁਰ, 7 ਫਰਵਰੀ
ਹਲਕਾ ਧੂਰੀ ਤੋਂ ਕਾਂਗਰਸ ਦੇ ਉਮੀਦਵਾਰ ਤੇ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂਆਂ ਵੱਲੋਂ ਬਲਾਕ ਆਗੂ ਲਖਵੀਰ ਸਿੰਘ ਲੱਖਾ ਦੀ ਅਗਵਾਈ ਹੇਠ ਕੀਤੇ ਗਏ ਸੁਆਲਾਂ ਦੇ ਜਵਾਬ ਦਿੱਤੇ ਅਤੇ ਭਾਰਤੀ ਕਿਸਾਨ ਯੂਨੀਅਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ। ਉਮੀਦਵਾਰ ਖੰਗੂੜਾ ਦੇ ਪਿੰਡ ਪਹੁੰਚਣ ਦਾ ਪਤਾ ਲੱਗਦਿਆਂ ਹੀ ਕਾਫਲੇ ਕੋਲ ਪੁੱਜੇ ਬੀਕੇਯੂ ਡਕੌਂਦਾ ਦੇ ਆਗੂਆਂ ਨੇ ਉਨ੍ਹਾਂ ਨੂੰ ਕਰਜ਼ਾ ਮੁਆਫ਼ੀ, ਤਹਿਸੀਲ, ਥਾਣੇ ਅਤੇ ਹੋਰ ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਇਲਾਕੇ ’ਚ ਬਣੇ ਸੁਵਿਧਾ ਕੇਂਦਰਾਂ ਦੇ ਬੰਦ ਹੋਣ ਸਬੰਧੀ ਅਨੇਕਾ ਸੁਆਲ ਕੀਤੇ।
ਖੰਗੂੜਾ ਨੇ ਸੁਆਲਾਂ ਦੇ ਜਵਾਬ ਦਿੱਤੇ ਅਤੇ ਕਿਹਾ ਕਿ ਉਹ ਆਪਣਾ ਵੱਖਰਾ ਚੋਣ ਮੈਨੀਫੈਸਟੋ ਜਾਰੀ ਕਰਦੇ ਹੋਏ ਬਕਾਇਦਾ ਕੀਤੇ ਸਾਰੇ ਵਾਅਦਿਆਂ ਨੂੰ ਕਾਨੂੰਨੀ ਦਸਤਾਵੇਜ਼ ਦਾ ਰੂਪ ਦੇਣਗੇ। ਉਨ੍ਹਾਂ ਕਿਹਾ ਕਿ ਉਹ ਇੱਕੋ-ਇੱਕ ਵਿਧਾਇਕ ਸੀ ਜੋ ਪੈਦਲ ਤੁਰ ਕੇ ਸਿੰਘੂ ਬਾਰਡਰ ਪਹੁੰਚਿਆ। ਜੇ ਸੱਤਾ ’ਚ ਆਇਆ ਤਾਂ ਭਵਿੱਖ ਵਿੱਚ ਵੀ ਉਹ ਕਿਸਾਨਾਂ ਦੇ ਮੁੱਦਿਆਂ ਨੂੰ ਉਹ ਵਿਧਾਨ ਸਭਾ ਵਿੱਚ ਉਠਾਉਣਗੇ। ਇਸ ਤੋਂ ਪਹਿਲਾਂ ਸ੍ਰੀ ਖੰਗੂੜਾ ਨੇ ਪਿੰਡ ਬਾਲੀਆਂ ਵਿੱਚ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਆਪਣੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਨ੍ਹਾਂ ਕਿਰਾਏ ਦੇ ਮਕਾਨ ’ਚ ਕੁਝ ਦਿਨ ਰਹਿਣ ਆਏ ਕਿਰਾਏਦਾਰ ਕਰਾਰ ਦਿੱਤਾ ਅਤੇ ਆਪਣੇ ਕਰਵਾਏ ਜ਼ਿਕਰਯੋਗ ਕੰਮਾਂ ਦੇ ਅਧਾਰ ’ਤੇ ਵੋਟ ਮੰਗੀ।