ਪੱਤਰ ਪ੍ਰੇਰਕ
ਬਸੀ ਪਠਾਣਾਂ, 18 ਜਨਵਰੀ
ਇੱਕ ਪਰਵਾਸੀ ਮਜ਼ਦੂਰ ਦੀ ਕੋਈ ਜ਼ਹਿਰੀਲੀ ਵਸਤੂ ਖਾ ਲੈਣ ਕਾਰਨ ਮੌਤ ਹੋ ਗਈ। ਥਾਣਾ ਸਰਹਿੰਦ ਦੀ ਪੁਲੀਸ ਕੋਲ ਲਿਖਵਾਏ ਬਿਆਨਾਂ ’ਚ ਮ੍ਰਿਤਕ ਮੁਹੰਮਦ ਸ਼ਮੀਮ (20) ਦੇ ਪਿਤਾ ਮੁਹੰਮਦ ਗੁਲਾਬ ਨੇ ਦੱਸਿਆ ਕਿ ਉਹ ਪਿੰਡ ਜੱਲ੍ਹਾ ਵਿੱਚ ਸ਼ੈਲਰ ’ਤੇ ਮਜ਼ਦੂਰ ਵਜੋਂ ਕੰਮ ਕਰਦਾ ਹੈ ਤੇ ਉਸਦਾ ਲੜਕਾ ਮੁਹੰਮਦ ਸ਼ਮੀਮ ਕਬਾੜ ਦੇ ਗੁਦਾਮ ਵਿੱਚ ਕਬਾੜ ਛਾਂਟੀ ਕਰਨ ਦਾ ਕੰਮ ਕਰਦਾ ਸੀ। ਉਸ ਨੇ ਦੱਸਿਆ ਕਿ ਉਸਦਾ ਲੜਕਾ ਮੋਬਾਈਲ ਠੀਕ ਕਰਵਾਉਣ ਲਈ ਸਰਹਿੰਦ ਗਿਆ ਸੀ ਤੇ ਜਦੋਂ ਉਹ ਵਾਪਸ ਗੁਦਾਮ ਆਇਆ ਤਾਂ ਉਲਟੀਆਂ ਕਰਨ ਲੱਗਾ ਤੇ ਉਸਦੇ ਮੂੰਹ ‘ਚੋਂ ਝੱਗ ਨਿਕਲ ਰਹੀ ਸੀ ਜਿਸ ਨੂੰ ਕਬਾੜੀਏ ਵੱਲੋਂ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਥਾਣਾ ਸਰਹਿੰਦ ਦੀ ਪੁਲੀਸ ਨੇ ਸੀਆਰਪੀਸੀ ਦੀ ਧਾਰਾ 174 ਅਧੀਨ ਕਾਰਵਾਈ ਕਰ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।
ਅਣਪਛਾਤੇ ਵਿਅਕਤੀ ਦੀ ਮੌਤ
ਅੰਬਾਲਾ: ਅੱਜ ਸਵੇਰੇ ਸੈਣੀ ਆਸ਼ਰਮ ਨੇੜੇ ਕੋਈ ਅਣਪਛਾਤਾ ਵਾਹਨ ਚਾਲਕ ਇੱਕ ਅਣਪਛਾਤੇ ਵਿਅਕਤੀ ਨੂੰ ਟੱਕਰ ਮਾਰ ਕੇ ਚਲਾ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੋਹਿਤ ਕੁਮਾਰ ਵਾਸੀ ਖਤੌਲੀ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਸਵੇਰੇ 8.30 ਵਜੇ ਮੋਟਰਸਾਈਕਲ ’ਤੇ ਸਬਜ਼ੀ ਮੰਡੀ ਤੋਂ ਸਬਜ਼ੀ ਲੈਣ ਜਾ ਰਿਹਾ ਸੀ ਕਿ ਉਸ ਨੇ ਸੜਕ ’ਤੇ ਇੱਕ ਲਾਸ਼ ਪਈ ਦੇਖੀ। ਮ੍ਰਿਤਕ ਦੇ ਪਟਕਾ ਪਾਇਆ ਹੋਇਆ ਸੀ ਅਤੇ ਉਸ ਦੀ ਠੋਡੀ ’ਤੇ ਦਾੜ੍ਹੀ ਸੀ। ਪੁਲੀਸ ਨੇ ਇਸ ਮਾਮਲੇ ਸਬੰਧੀ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ