ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਜਨਵਰੀ
ਕਿਸਾਨੀ ਸੰਘਰਸ਼ ਦੇ ਪ੍ਰਤੀਕ ਬਣੇ ਦਿੱਲੀ ਦੇ ਮੋਰਚਿਆਂ ਵਿੱਚ ਸਾਹਿਤਕ ਰੁਚੀਆਂ ਰੱਖਣ ਵਾਲਿਆਂ ਲਈ ਵੀ ਬੜਾ ਕੁਝ ਹੈ। ਖਾਸ ਕਰਕੇ ਟਿਕਰੀ ਅਤੇ ਸਿੰਘੂ ਬਾਰਡਰ ਉੱਤੇ ਲਾਇਬ੍ਰੇਰੀਆਂ ਬਣ ਚੁੱਕੀਆਂ ਹਨ।
ਜੰਗੀ ਕਿਤਾਬ ਘਰ, ਭਗਤ ਸਿੰਘ ਲਾਇਬ੍ਰੇਰੀ, ਇਨਕਲਾਬੀ ਸਾਹਿਤ ਅਤੇ ਖੱਬੇ ਪੱਖੀ ਸਾਹਿਤ ਸਮੇਤ ਦਲਿਤ ਚੇਤਨਾ ਨਾਲ ਜੁੜਿਆ ਸਾਹਿਤ ਵੀ ਆਰਜ਼ੀ ਲਾਇਬ੍ਰੇਰੀਆਂ ਵਿੱਚੋਂ ਮਿਲ ਜਾਂਦਾ ਹੈ। ਪੰਜਾਬੀ ਸਾਹਿਤ ਨਾਲ ਜੁੜੀਆਂ ਕਿਤਾਬਾਂ ਵੀ ਪੜ੍ਹਨ ਨੂੰ ਮਿਲ ਰਹੀਆਂ ਹਨ। ਟਿਕਰੀ ’ਚ ਤਰਕਸ਼ੀਲ ਸਾਹਿਤ ਦੇ ਨਾਲ ਨਾਲ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ ਦੇ ਵੀ ਲੰਗਰ ਲਾਏ ਗਏ ਹਨ। ਸਾਹਿਤਕਾਰ ਵੀ ਆਪਣੀ ਹਾਜ਼ਰੀ ਲਵਾ ਰਹੇ ਹਨ। ਸਿੰਘੂ ’ਚ ਪੰਜਾਬੀ ਸਾਹਿਤ ਸਭਾ ਦਿੱਲੀ ਸਮੇਤ ਹੋਰ ਸੰਸਥਾਵਾਂ ਨੇ ਆਪਣਾ ਯੋਗਦਾਨ ਸਾਹਿਤਕ ਰੁਚੀਆਂ ਵਾਲਿਆਂ ਦੀ ਮਦਦ ਕਰਕੇ ਪਾਇਆ ਜਾ ਰਿਹਾ ਹੈ। ਹਿੰਦੀ ਅਤੇ ਅੰਗਰੇਜ਼ੀ ’ਚ ਵੀ ਇਨਕਲਾਬੀ ਸਾਹਿਤ ਨਾਲ ਜੁੜੀਆਂ ਕਿਤਾਬਾਂ ਇਥੇ ਮਿਲ ਰਹੀਆਂ ਹਨ। ਦਲਿਤ ਸਾਹਿਤ ਦਾ ਸਟਾਲ ਸਿੰਘੂ ਬਾਰਡਰ ’ਤੇ ਲਾਇਆ ਗਿਆ ਹੈ। ਤਾਰਾ ਫੀਡ ਵੱਲੋਂ ਵਾਟਰ ਪਰੂਫ ਟੈਂਟ ਲਾ ਕੇ ਸਾਹਿਤਕ ਕਿਤਾਬਾਂ ਲਈ ਸਟਾਲ ਦਿੱਤਾ ਗਿਆ ਹੈ।