ਦਵਿੰਦਰ ਪਾਲ
ਚੰਡੀਗੜ੍ਹ, 27 ਅਪਰੈਲ
ਪੰਜਾਬ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਬੁਲਾਰਿਆਂ ਨੇ ਅੱਜ ਅੰਬਾਨੀ ਤੇ ਅਡਾਨੀ ਖ਼ਿਲਾਫ਼ ਮੁਹਿੰਮ ਤਿੱਖੀ ਕਰਨ ਦਾ ਸੱਦਾ ਦਿੱਤਾ। ਸੂਬੇ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਜਪਾ ਆਗੂਆਂ, ਟੌਲ ਪਲਾਜ਼ਿਆਂ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ, ਖੁਸ਼ਕ ਬੰਦਰਗਾਹ ਰਾਏਪੁਰ, ਰੇਲਵੇ ਸਟੇਸ਼ਨਾਂ, ਨਿੱਜੀ ਖੇਤਰ ਦੇ ਥਰਮਲ ਪਲਾਂਟ ਅਤੇ ਮੋਗਾ ਦੇ ਸਾਇਲੋ ਸਮੇਤ ਸਵਾ ਸੌ ਤੋਂ ਵੱਧ ਥਾਵਾਂ ’ਤੇ ਧਰਨੇ ਜਾਰੀ ਹਨ। ਧਰਨਿਆਂ ’ਚ ਸੰਬੋਧਨ ਕਰਦਿਆਂ ਕਿਸਾਨ ਬੁਲਾਰਿਆਂ ਨੇ ਕਿਹਾ ਕਿ ਦਿਨੋ-ਦਿਨ ਤਿੱਖੇ ਹੋ ਰਹੇ ਸੰਘਰਸ਼ ਦੇ ਬਾਵਜੂਦ ਖੇਤੀ ਕਾਨੂੰਨ ਰੱਦ ਨਾ ਕਰਨਾ ਭਾਜਪਾ ਸਰਕਾਰ ਦੇ ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜੀ ਬਹੁਕੌਮੀ ਕੰਪਨੀਆਂ ਨਾਲ ਸਾਂਝ ਤੇ ਵਫਾਦਾਰੀ ਦਾ ਸਬੂਤ ਹੈ, ਜਿਸ ਨੂੰ ਪੁਗਾਉਣ ਲਈ ਉਹ ਸੰਸਦ ਵਿੱਚ ਮਿਲੇ ਬਹੁਮਤ ਦੀ ਗਲਤ ਵਰਤੋਂ ਕਰ ਰਹੀ ਹੈ। ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੇ ਮੁਨਾਫਿਆਂ ਦੀ ਗਾਰੰਟੀ ਲਈ ਮੌਜੂਦਾ ਖੇਤੀ ਕਾਨੂੰਨ ਲਿਆਂਦੇ ਹਨ। ਇਹ ਕਾਨੂੰਨ ਪਹਿਲਾਂ ਹੀ ਬੁਰੀ ਤਰ੍ਹਾਂ ਲੁੱਟੇ ਜਾ ਰਹੇ ਕਿਰਤੀ ਕਿਸਾਨਾਂ ਦੀ ਲੁੱਟ ਤੇਜ਼ ਕਰਨ ਦਾ ਸਾਧਨ ਬਣਨਗੇ। ਇਸ ਦੌਰਾਨ ਉਨ੍ਹਾਂ ਖੇਤੀ ਕਾਨੂੰਨਾਂ ਦੀ ਵਾਪਸੀ, ਸਾਰੇ ਰਾਜਾਂ ਵਿੱਚ ਸਾਰੀਆਂ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ’ਤੇ ਸਰਕਾਰੀ ਖਰੀਦ ਯਕੀਨੀ ਬਣਾਉਣ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਕਾਨੂੰਨੀ ਮਾਨਤਾ ਦੇਣ ਵਰਗੀਆਂ ਮੰਗਾਂ ਦੀ ਪ੍ਰਾਪਤੀ ਲਈ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਤੋੋਂਂ ਪ੍ਰੇਰਨਾ ਲੈ ਕੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।
ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਰਾਹੀਂ ਦੇਸ਼ ਦੀ ਸਮੁੱਚੀ ਖੁਰਾਕ ਪ੍ਰਣਾਲੀ ’ਤੇ ਕਾਰਪੋਰੇਟ ਘਰਾਣਿਆਂ ਦਾ ਮੁਕੰਮਲ ਗਲਬਾ ਸਥਾਪਤ ਕਰਨ ਜਾ ਰਹੀ ਹੈ, ਜਿਸ ਨਾਲ ਦੇਸ਼ ਵਿੱਚ ਭੁੱਖਮਰੀ ਤੇ ਕਾਲ ਵਰਗੀਆਂ ਸਮੱਸਿਆਵਾਂ ਪੈਦਾ ਹੋਣਗੀਆਂ। ਇਸ ਦਾ ਸਭ ਤੋਂ ਪਹਿਲਾਂ ਖਮਿਆਜ਼ਾ ਮਜ਼ਦੂਰਾਂ ਤੇ ਸ਼ਹਿਰੀ ਗਰੀਬਾਂ ਨੂੰ ਭੁਗਤਣਾ ਪਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਖੇਤੀ ਖੇਤਰ ਸਮੇਤ ਦੇਸ਼ ਦੇ ਸਾਰੇ ਅਮੀਰ ਕੁਦਰਤੀ ਸਰੋਤ ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜੀਆਂ ਦੀ ਝੋਲੀ ਪਾ ਕੇ ਦੇਸ਼ ਵਾਸੀਆਂ ਨਾਲ ਗੱਦਾਰੀ ਕਰ ਰਹੀ ਹੈ। ਇਸ ਦੇ ਬਾਵਜੂਦ ਦੇਸ਼ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਇੱਕਜੁਟ ਹਨ ਅਤੇ ਖੇਤੀ ਕਾਨੂੰਨ, ਪਰਾਲੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ 2020 ਰੱਦ ਕਰਵਾ ਕੇ ਹੀ ਰਹਿਣਗੀਆਂ। ਧਰਨਿਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨਾਲ ਨਿੱਜੀ ਸੈਕਟਰ ਮੰਡੀ ’ਤੇ ਕਬਜ਼ਾ ਕਰੇਗਾ ਅਤੇ ਮੰਡੀਆਂ ’ਚੋਂ ਸਰਕਾਰ ਬਾਹਰ ਹੋ ਜਾਵੇਗੀ। ਹੁਣ ਤਕ ਦਾ ਚੱਲ ਰਿਹਾ ਮੰਡੀ ਪ੍ਰਬੰਧ ਖ਼ਤਮ ਹੋ ਜਾਵੇਗਾ। ਜਦੋਂ ਸਰਕਾਰ ਜਾਂ ਸਰਕਾਰੀ ਖਰੀਦ ਏਜੰਸੀਆਂ ਹੀ ਨਹੀਂ ਰਹਿਣਗੀਆਂ ਤਾਂ ਐੱਮਐੱਸਪੀ ਜਾਰੀ ਰੱਖਣ ਦੀ ਕੋਈ ਤੁਕ ਨਹੀਂ ਰਹਿ ਜਾਂਦੀ।
ਕਿਸਾਨਾਂ ਨੂੰ ਦਿੱਲੀ ਪਹੁੰਚਣ ਲਈ ਤਿਆਰ ਰਹਿਣ ਦਾ ਸੱਦਾ
ਭੁੱਚੋ ਮੰਡੀ (ਪਵਨ ਗੋਇਲ): ਖੇਤੀ ਕਨੂੰਨਾਂ ਖ਼ਿਲਾਫ਼ ਬੈਸਟ ਪ੍ਰਾਈਸ ਮਾਲ ਅਤੇ ਲਹਿਰਾ ਬੇਗਾ ਟੌਲ ਪਲਾਜ਼ਾ ’ਤੇੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ 209 ਦਿਨਾਂ ਤੋਂ ਚੱਲ ਰਹੇ ਧਰਨੇ ਅੱਜ ਵੀ ਜਾਰੀ ਰਹੇ। ਇਸ ਮੌਕੇ ਕਿਸਾਨ ਆਗੂ ਬਲਤੇਜ ਸਿੰਘ ਤੇ ਗੁਰਮੇਲ ਨਥਾਣਾ ਨੇ ਕਿਸਾਨਾਂ ਨੂੰ ਆਪਣਾ ਧਿਆਨ ਦਿੱਲੀ ਮੋਰਚਿਆਂ ’ਤੇ ਕੇਂਦਰਿਤ ਰੱਖਣ ਅਤੇ ਇੱਕ ਬੁਲਾਵੇ ’ਤੇ ਦਿੱਲੀ ਪਹੁੰਚਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਦੀ ਮੋਦੀ ਸਰਕਾਰ ਵੱਲੋਂ ਚੱਲੀ ਗਈ ਚਾਲ ਅਸਫ਼ਲ ਕਰਨ ਲਈ ਸੰਸਦ ਵੱਲ ਮਾਰਚ ਕਰਨ ਦਾ ਫ਼ੈਸਲਾ ਮੁਲਤਵੀ ਕੀਤਾ ਗਿਆ ਹੈ। ਕੇਂਦਰ ਸਰਕਾਰ ਦਿੱਲੀ ਮੋਰਚੇ ਚੁਕਵਾਉਣ ਲਈ ਬਹਾਨੇ ਲੱਭ ਰਹੀ ਹੈ। ਕਦੇ ਉਹ ਕਰੋਨਾ ਦਾ ਡਰ ਪੈਦਾ ਕਰਦੀ ਹੈ ਅਤੇ ਕਦੇ 26 ਜਨਵਰੀ ਦੀ ਤਰ੍ਹਾਂ ਅੰਦੋਲਨ ਹਿੰਸਕ ਬਣਾਉਣ ਦੀ ਸਾਜ਼ਿਸ਼ ਰਚਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਕੇਂਦਰ ਸਰਕਾਰ ਦੀ ਕਿਸੇ ਵੀ ਚਾਲ ਨੂੰ ਸਫ਼ਲ ਨਹੀਂ ਹੋਣ ਦੇਣਗੇ ਅਤੇ ਖੇਤੀ ਕਾਨੂੰਨ ਰੱਦ ਹੋਣ ਤਕ ਮੋਰਚੇ ਜਾਰੀ ਰੱਖਣਗੇ। ਇਸ ਦੌਰਾਨ ਸ਼ਿੰਦਰਪਾਲ ਕੌਰ ਅਤੇ ਜੱਗਾ ਸਿੰਘ ਨੇ ਕਿਸਾਨੀ ਵੀ ਗੀਤ ਗਾਏ।
ਨੌਜਵਾਨ ਲੇਖਕਾਂ ਤੇ ਕਲਾਕਾਰਾਂ ਦੀ ਸ਼ਲਾਘਾ
ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਚੱਲ ਰਹੇ ਅੰਦੋਲਨ ਦੌਰਾਨ ਕਿਸਾਨਾਂ ਵਿੱਚ ਜੋਸ਼ ਬਰਕਰਾਰ ਰੱਖਣ ਲਈ ਨੌਜਵਾਨ ਲੇਖਕ ਵੀ ਆਪਣਾ ਰੋਲ ਬਾਖੂਬੀ ਨਿਭਾ ਰਹੇ ਹਨ। ਸੰਘਰਸ਼ ਦੀ ਇਹ ਵਿਲੱਖਣਤਾ ਹੀ ਹੈ ਕਿ ਵੱਖ-ਵੱਖ ਨਾਟਕ ਟੀਮਾਂ, ਕਲਾਕਾਰਾਂ ਤੇ ਗੀਤਕਾਰਾਂ ਵੱਲੋਂ ਕਿਸਾਨਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਸੰਘਰਸ਼ ਵਿੱਚ ਡਟੇ ਰਹਿਣ ਦੀ ਪ੍ਰੇਰਨਾ ਦਿੱਤੀ ਜਾ ਰਹੀ ਹੈ।