ਗੁਰਵਿੰਦਰ ਸਿੰਘ
ਰਾਮੁਪਰਾ ਫੂਲ, 17 ਜਨਵਰੀ
ਸ਼ਹਿਰ ਦੇ ਸੇਂਟ ਜ਼ੇਵੀਅਰ ਹਾਈ ਸਕੂਲ ਦੀਆਂ ਨਾਜਾਇਜ਼ ਫ਼ੀਸਾਂ ਦਾ ਮਾਮਲਾ ਦੋਹਾਂ ਧਿਰਾਂ ਅਤੇ ਬੀਪੀਈਓ ਰਾਮਪੁਰਾ ਦੇ ਅਕਾਊਂਟੈਂਟ ਦੀਪਕ ਬਾਂਸਲ ਦੀ ਮੌਜੂਦਗੀ ਵਿੱਚ ਐੱਸਡੀਐੱਮ ਫੂਲ ਨਵਦੀਪ ਕੁਮਾਰ ਵਲੋਂ ਸੁਲਝਾਉਣ ਦਾ ਪੂਰਾ ਯਤਨ ਕੀਤਾ ਗਿਆ, ਪ੍ਰੰਤੂ ਸਕੂਲ ਪ੍ਰਿੰਸੀਪਲ ਸੈਲਵਰਜ਼ ਪੀਟਰ ਦੇ ਤਾਨਾਸ਼ਾਹੀ ਰਵੱਈਏ ਕਾਰਨ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਐੱਸਡੀਐੱਮ ਨੇ ਕਮੇਟੀ ਗਠਿਤ ਕਰਦਿਆਂ ਸਕੂਲ ਪਿ੍ੰਸੀਪਲ ਤੇ ਮਾਪਿਆਂ ਨਾਲ ਚਰਚਾ ਕਰ ਕੇ ਇਕ ਹਫ਼ਤੇ ਅੰਦਰ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਇਸ ਮੌਕੇ ਮਾਪਿਆਂ ਨੇ ਕਿਹਾ ਕਿ ਉਹ ਹਾਈ ਕੋਰਟ ਦੇ ਨਿਯਮਾਂ ਮੁਤਾਬਿਕ ਫੀਸ ਭਰਨ ਲਈ ਤਿਆਰ ਹਨ ਪ੍ਰੰਤੂ ਸਕੂਲ ਪ੍ਰਿਸੀਪਲ ਵਧੇਰੇ ਫੀਸ ਦੀ ਮੰਗ ਕਰ ਰਿਹਾ ਹੈ, ਮਾਪਿਆਂ ਨੇ ਦੱਸਿਆ ਕਿ ਸਕੂਲ ਵਲੋਂ ਆਨਲਾਈਨ ਪੜ੍ਹਾਈ ਅਗਸਤ ਮਹੀਨੇ ਸ਼ੁਰੂ ਕੀਤੀ ਗਈ ਸੀ ਪਰ ਸਕੂਲ ਅਪ੍ਰੈਲ 2020 ਤੋਂ ਪੂਰੀ ਫੀਸ ਭਰਨ ਲਈ ਆਪਣੀ ਜ਼ਿੱਦ ਤੇ ਅੜਿਆ ਹੋਇਆ ਹੈ। ਮਾਪਿਆਂ ਨੇ ਅੱਗੇ ਕਿਹਾ ਜੇਕਰ ਸਕੂਲ ਨੇ ਇਹ ਤਾਨਾਸ਼ਾਹੀ ਰਵੱਈਆ ਨਾ ਬਦਲਿਆ ਤਾਂ ਉਹ ਹਾਈ ਕੋਰਟ ਜਾਣ ਤੋਂ ਗੁਰੇਜ਼ ਨਹੀਂ ਕਰਨਗੇ। ਇਸ ਸਬੰਧੀ ਸਕੂਲ ਪ੍ਰਿੰਸੀਪਲ ਨਾਲ ਗੱਲ ਕਰਨੀ ਚਾਹੀ ਤਾਂ ਵਾਰ ਵਾਰ ਸੰਪਰਕ ਕਰਨ ਤੇ ਵੀ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।