ਅਵਿਜੀਤ ਪਾਠਕ
ਸਾਡੀਆਂ ਜਨਤਕ ਯੂਨੀਵਰਸਿਟੀਆ ਦਾ ਪਤਨ ਕਿਉਂ ਹੋਣ ਦਿੱਤਾ ਜਾ ਰਿਹਾ ਹੈ ਅਤੇ ਸਿਆਸੀ ਨਿਜ਼ਾਮ ਰਚਨਾਕਾਰੀ ਸਿੱਖਿਆ ਦੇ ਅਸੂਲਾਂ ਅਤੇ ਸਾਰਥਕ ਸਿੱਖਿਆ ਅਤੇ ਖੋਜ ਉਪਰ ਬੱਝਵੇਂ ਹਮਲਿਆਂ ਨੂੰ ਅਕਸਰ ਕਿਉਂ ਸ਼ਹਿ ਦਿੰਦਾ ਨਜ਼ਰ ਆਉਂਦਾ ਹੈ? ਵਿਸ਼ਵ ਭਾਰਤੀ ਯੂਨੀਵਰਸਿਟੀ ਵਿਚ ਕੀ ਹੋ ਰਿਹਾ ਹੈ। ਇਹ ਉਹ ਯੂਨੀਵਰਸਿਟੀ ਹੈ ਜਿਸ ਬਾਰੇ ਟੈਗੋਰ ਦੀ ਕਲਪਨਾ ਸੀ ਕਿ ਇੱਥੇ ਆਜ਼ਾਦੀ, ਸ਼ਾਇਰੀ ਦੇ ਸ਼ਊਰ ਅਤੇ ਠੋਸ ਬ੍ਰਹਿਮੰਡੀ ਚੇਤਨਾ ਦੀ ਫੁਹਾਰ ਚੱਲਿਆ ਕਰੇਗੀ। ਇਹ ਉਹੀ ਕਹਾਣੀ ਹੈ ਜੋ ਜੇਐਨਯੂ ਅਤੇ ਜਾਮੀਆ ਮਿਲੀਆ ਇਸਲਾਮੀਆ ਜਿਹੀਆਂ ਹੋਰਨਾਂ ਸਰਕਰਦਾ ਜਨਤਕ ਯੂਨੀਵਰਸਿਟੀਆਂ ਵਿਚ ਸਾਹਮਣੇ ਆਈ ਸੀ। ਸੰਵਾਦਹੀਣ ਉਪ ਕੁਲਪਤੀ, ਅਧਿਆਪਕਾਂ ਦੀ ਘੇਰਾਬੰਦੀ ਜਾਂ ਮੁਅੱਤਲੀ, ਸਮਾਜਕ ਬਾਇਕਾਟ, ਐਫਆਈਆਰ ਜਾਂ ਅਦਾਲਤੀ ਕੇਸਾਂ ਦੀ ਧਮਕੀ ਅਤੇ ਆਪਸੀ ਸੰਵਾਦ ਦੀ ਅਣਹੋਂਦ। ਇਕ ਲੇਖੇ ਵਿਸ਼ਵ ਭਾਰਤੀ ਕੈਂਪਸ ਵਿਚ ਚੱਲ ਰਹੀ ਉਥਲ-ਪੁਥਲ ਇਕ ਵਾਰ ਫਿਰ ਇਹ ਖੁਲਾਸਾ ਕਰ ਰਹੀ ਹੈ ਕਿ ਇਕ ਰਾਸ਼ਟਰ ਦੇ ਤੌਰ ‘ਤੇ ਅਸੀਂ ਇਕ ਮਹਾਨ ਪਿਰਤ ਨੂੰ ਸੰਭਾਲ ਕੇ ਰੱਖਣ ਜਾਂ ਪੈਨੀ ਨਜ਼ਰ ਰੱਖਣ ਵਾਲੇ, ਆਲੋਚਕ ਸੁਰ ਦੇਣ ਵਾਲੇ, ਦਾਰਸ਼ਨਿਕ ਕਮਾਲ ਅਤੇ ਬੌਧਿਕ ਆਜ਼ਾਦੀ ਦੇ ਪ੍ਰਤੀਕ ਵਿਦਿਆਰਥੀਆਂ ਦੀ ਜਮਾਤ ਗੁਆ ਲਈ ਹੈ। ਅਜਿਹੇ ਸਮੇਂ ਜਦੋਂ ਮੰਡੀ ਦੇ ਤਰਕ ਨੇ ਸਿੱਖਿਆ ਦਾ ਪਹਿਲਾਂ ਹੀ ਵਪਾਰੀਕਰਨ ਕਰ ਦਿੱਤਾ ਹੈ ਅਤੇ ਸਾਡੀਆਂ ਕੁਝ ਸਜਾਵਟੀ ਪ੍ਰਾਈਵੇਟ ਯੂਨੀਵਰਸਿਟੀਆਂ ਸਿੱਖਿਆ ਦੀਆਂ ਦੁਕਾਨਾਂ ਬਣ ਕੇ ਰਹਿ ਗਈਆਂ ਹਨ, ਤਾਂ ਸਾਡੀਆਂ ਮੋਹਰੀ ਜਨਤਕ ਯੂਨੀਵਰਸਿਟੀਆ ‘ਤੇ ਇਸ ਕਿਸਮ ਦਾ ਨਿਰੰਤਰ ਹਮਲਾ ਸੰਕੇਤ ਦਿੰਦਾ ਹੈ ਕਿ ਸੱਤਾਧਾਰੀ ਧਿਰ ਦੀ ਸਮਾਜਿਕ ਤੌਰ ‘ਤੇ ਸਾਰਥਿਕ ਸਿਖਿਆ ਅਤੇ ਵਿਦਿਅਕ ਤੌਰ ‘ਤੇ ਪ੍ਰਫੁੱਲਤ ਮਿਆਰੀ ਸਿੱਖਿਆ ਮੁਹੱਈਆ ਕਰਾਉਣ, ਵਿਗਿਆਨੀਆਂ, ਦਾਰਸ਼ਨਿਕਾਂ, ਕਲਾਕਾਰਾਂ ਅਤੇ ਇੰਜਨੀਅਰਾਂ ਦੀ ਪੁਸ਼ਤਪਨਾਹੀ ਕਰਨ ਜਾਂ ਸਮਾਜਕ ਤੌਰ ‘ਤੇ ਪ੍ਰਤੀਬੱਧ ਕਾਰਕੁਨਾਂ ਅਤੇ ਜਨਤਕ ਬੁੱਧੀਮਾਨਾਂ ਦੀ ਪੁਸ਼ਤਪਨਾਹੀ ਕਰਨ ਵਿਚ ਕੋਈ ਦਿਲਚਸਪੀ ਨਹੀਂ ਹੈ ਤਾਂ ਕਿ ਉਹ ਸਮਤਾਵਾਦੀ ਅਤੇ ਸਰਬਸਾਂਝੀ ਸਪੇਸ ਦੇ ਬੀਜ ਬੋ ਸਕਣ। ਇੱਥੋਂ ਤੱਕ ਕਿ ਉਦਾਰਵਾਦੀ ਸਮਝੀ ਜਾਂਦੀ ਅਸ਼ੋਕਾ ਯੂਨੀਵਰਸਿਟੀ ‘ਚੋਂ ਪ੍ਰਤਾਪ ਭਾਨੂ ਮਹਿਤਾ ਵਰਗੇ ਅਧਿਆਪਕ ਨੂੰ ਵੀ ਅਸਤੀਫ਼ਾ ਦੇਣਾ ਪੈ ਗਿਆ ਹੈ, ਕਿਉਂਕਿ ਸ਼ਾਇਦ ਉਸ ਦੀਆਂ ਲਿਖਤਾਂ ਹਾਕਮ ਧਿਰ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੀਆਂ ਸਨ।
ਇਕ ਵਿਦਿਅਕ ਮਾਹਿਰ ਦੇ ਤੌਰ ‘ਤੇ ਜਦੋਂ ਮੈਂ ਇਸ ਨਿਘਾਰ ਨੂੰ ਦੇਖਦਾ ਹਾਂ ਤਾਂ ਇਕ ਸਵਾਲ ਮੇਰੇ ਸਾਹਮਣੇ ਖੜ੍ਹਾ ਹੁੰਦਾ ਹੈ: ਸਾਡੇ ਉਪ ਕੁਲਪਤੀਆਂ ਨੂੰ ਕੌਣ ਪੜ੍ਹਾਵੇ? ਕੋਈ ਸਮਾਂ ਹੁੰਦਾ ਸੀ ਜਦੋਂ ਸਾਡੇ ਕੁਝ ਉਪ ਕੁਲਪਤੀ ਮਹਾਨ ਵਿਦਿਆਦਾਨੀ, ਉਸਤਾਦ, ਦਾਰਸ਼ਨਿਕ ਅਤੇ ਦੂਰਦ੍ਰਿਸ਼ਟੀਵੇਤਾ ਹੋਇਆ ਕਰਦੇ ਸਨ ਅਤੇ ਉਨ੍ਹਾਂ ਅੰਦਰ ਸਾਡੀਆਂ ਮੋਹਰੀ ਜਨਤਕ ਯੂਨੀਵਰਸਿਟੀਆਂ ਦੀ ਸਾਂਭ ਸੰਭਾਲ ਦੀ ਸਿੱਕ ਹੁੰਦੀ ਸੀ। ਫਿਰ ਵੀ ਇਸ ਸਮੂਹਿਕ ਪਤਨ ਦੇ ਇਸ ਦੌਰ ਅੰਦਰ ਮੈਂ ਦੁਖੀ ਹਿਰਦੇ ਨਾਲ ਇਹ ਸਵਾਲ ਪੁੱਛਣ ਲਈ ਮਜਬੂਰ ਹਾਂ। ਜੀ ਹਾਂ, ਅਕਸਰ ਸਿਆਸੀ ਤੌਰ ‘ਤੇ ਨਿਯੁਕਤ ਕੀਤੇ ਜਾਂਦੇ ਇਹ ਉਪ ਕੁਲਪਤੀ (ਸਹੀ ਕਿਸਮ ਦੇ ਸਿਆਸੀ ਕੁਨੈਕਸ਼ਨ ਸਦਕਾ) ਕੋਈ ਮਹਾਨ ਵਿਦਿਆਦਾਨੀ ਨਹੀਂ ਹਨ ਤੇ ਨਾ ਹੀ ਉਨ੍ਹਾਂ ਅੰਦਰ ਕੋਈ ਸਿਆਸੀ-ਅਧਿਆਤਮਕ ਬਲ, ਨੈਤਿਕ ਪ੍ਰਤੀਬੱਧਤਾ ਤੇ ਦੂਰਦ੍ਰਿਸ਼ਟੀ ਦੀ ਝਲਕ ਹੈ। ਬੌਧਿਕ ਅਤੇ ਰਚਨਾਤਮਕ ਜਗਮਗ ਦੀ ਲੋਅ ਤੋਂ ਦੂਰ ਇਹ ਪ੍ਰਾਣੀ ਭਿਆਨਕ ਮਾਨਸਿਕ ਅਸੁਰੱਖਿਆ ਦੇ ਮਾਹੌਲ ਵਿਚ ਵਿਚਰਦੇ ਹਨ ਅਤੇ ਇਕ ਅਕਾਦਮੀਸ਼ੀਅਨ ਦੀ ਸ਼ਕਤੀ ਨੂੰ ਇਕ ਤਾਨਾਸ਼ਾਹ ਟੈਕਨੋ-ਮੈਨੇਜਰ ਦਾ ਭਰਮ ਸਿਰਜਦੇ ਹਨ। ਉਨ੍ਹਾਂ ਤੋਂ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਸੱਤਾਧਾਰੀ ਨਿਜ਼ਾਮ ਪ੍ਰਤੀ ਆਪਣੀ ਵਫ਼ਾਦਾਰੀ ਦਾ ਪ੍ਰਗਟਾਵਾ ਕਰਨ ਜਿਸ ਕਰ ਕੇ ਉਹ ਗਹਿਰੀ ਸੋਚ ਅਤੇ ਬੌਧਿਕ ਖ਼ੁਦਮੁਖਤਾਰੀ ਤੋਂ ਬੇਲੋੜਾ ਭੈਅ ਖਾਣ ਲੱਗ ਪੈਂਦੇ ਹਨ। ਇਹ ਡਰ ਜਾਂ ਮਾਨਸਿਕ ਅਸੁਰੱਖਿਆ ਉਨ੍ਹਾਂ ਦੀਆਂ ਕਾਰਵਾਈਆ ਤੋਂ ਉਜਾਗਰ ਹੁੰਦੀ ਹੈ ਜਿਸ ਤਹਿਤ ਅਧਿਆਪਕਾਂ ਅਤੇ ਵਿਦਿਆਰਥੀਆਂ ‘ਤੇ ਨਿਗਰਾਨੀ ਕੀਤੀ ਜਾਂਦੀ ਹੈ, ਜੀਹਜ਼ੂਰੀਆਂ ਦੀ ਇਕ ਜੁੰਡਲੀ ਨੂੰ ਪੂਰੀ ਤਰਜੀਹ ਦਿੱਤੀ ਜਾਂਦੀ ਹੈ ਅਤੇ ਇੰਜ ਸਮੂਹਿਕ ਮੇਲ ਜੋਲ ਦੀ ਭਾਵਨਾ ਤਹਿਸ ਨਹਿਸ ਹੋ ਜਾਂਦੀ ਹੈ, ਯੂਨੀਵਰਸਿਟੀ ਇਕ ਜੰਗ ਦੇ ਅਖਾੜੇ ਦਾ ਰੂਪ ਧਾਰ ਜਾਂਦੀ ਹੈ ਅਤੇ ਸਮੁੱਚੇ ਮਾਹੌਲ ਵਿਚ ਡਰ ਅਤੇ ਸ਼ੱਕ ਤਾਰੀ ਹੋ ਜਾਂਦਾ ਹੈ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਅੱਜ ਕੱਲ੍ਹ ਸਾਡੇ ਬਹੁਤੇ ਉਪ ਕੁਲਪਤੀ ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨਾਲ ਸੰਵਾਦ ਨਹੀਂ ਰਚਾਉਂਦੇ ਅਤੇ ਉਨ੍ਹਾਂ ਦੇ ਕਿਲੇਨੁਮਾ ਟਿਕਾਣਿਆਂ ‘ਤੇ ਸੁਰੱਖਿਆ ਗਾਰਡਾਂ ਅਤੇ ਸੀਸੀਟੀਵੀ ਕੈਮਰਿਆਂ ਦਾ ਹਰ ਵਕਤ ਪਹਿਰਾ ਰਹਿੰਦਾ ਹੈ। ਉਹ ਚਾਹੁੰਦੇ ਹਨ ਕਿ ਅਧਿਆਪਕ ਅਤੇ ਵਿਦਿਆਰਥੀ ਦੇਸ ਦੇ ਫ਼ੌਜੀਆਂ ਦੀ ਤਰ੍ਹਾਂ ਆਗਿਆਕਾਰੀ ਅਤੇ ਅਨੁਸ਼ਾਸਨ ਪ੍ਰੇਮੀ ਬਣ ਕੇ ਰਹਿਣ ਅਤੇ ਫਿਰ ਉਨ੍ਹਾਂ ਲੋਕਾਂ ਨੂੰ ਚਾਰਜਸ਼ੀਟਾਂ ਅਤੇ ਕਾਰਨ ਦੱਸੋ ਨੋਟਿਸ ਜਾਰੀ ਕਰਨ ਦਾ ਸਿਲਸਿਲਾ ਚੱਲ ਪੈਂਦਾ ਹੈ ਜਿਨ੍ਹਾਂ ਨੇ ਆਪਣੀ ਜ਼ਮੀਰ ਅਜੇ ਤੱਕ ਗਿਰਵੀ ਨਹੀਂ ਰੱਖੀ ਹੁੰਦੀ।
ਇਸ ਨਿਘਾਰ ਨੂੰ ਰੋਕਣ ਦਾ ਇਕੋ ਇਕ ਰਾਹ ਉਨ੍ਹਾਂ ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਇਕਜੁੱਟਤਾ ਦਾ ਰਿਸ਼ਤਾ ਉਸਾਰਨਾ ਹੈ ਜੋ ਆਪਣੀ ਬੌਧਿਕ ਇਮਾਨਦਾਰੀ ਦੀ ਸਜ਼ਾ ਭੁਗਤ ਰਹੇ ਹਨ। ਜੋ ਕੁਝ ਅੱਜ ਵਿਸ਼ਵ ਭਾਰਤੀ, ਜੇਐਨਯੂ ਤੇ ਜਾਮੀਆ ਮਿਲੀਆ ਇਸਲਾਮੀਆ ਵਿਚ ਹੋ ਰਿਹਾ ਹੈ, ਭਲਕੇ ਕਿਸੇ ਹੋਰ ਯੂਨੀਵਰਸਿਟੀ ਵਿਚ ਹੋਵੇਗਾ। ਯਕੀਨ ਕਰੋ, ਕਿ ਕੋਈ ਵੀ ਹੁਣ ਸੁਰੱਖਿਅਤ ਨਹੀਂ ਰਿਹਾ। ਪ੍ਰਤਾਪ ਭਾਨੂੰ ਮਹਿਤਾ ਜਿਹੇ ਮੰਨੇ ਦੰਨੇ ਪ੍ਰੋਫੈਸਰ ਤੇ ਸਿਆਸੀ ਚਿੰਤਕ ਨੂੰ ਕਾਫ਼ੀ ਉਦਾਰਵਾਦੀ ਗਿਣੀ ਜਾਂਦੀ ਅਸ਼ੋਕਾ ਯੂਨੀਵਰਸਿਟੀ ‘ਚੋਂ ਆਪਣੇ ਵਿਚਾਰਾਂ ਕਾਰਨ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ ਹੈ। ਉਂਜ, ਜ਼ਰੂਰੀ ਨਹੀਂ ਕਿ ਅਜਿਹੇ ਹੋਰ ਬਹੁਤ ਸਾਰੇ ਅਧਿਆਪਕਾਂ ਨੂੰ ਪ੍ਰੋਫੈਸਰ ਮਹਿਤਾ ਦੀ ਤਰ੍ਹਾਂ ਇੰਨੀ ਮੀਡੀਆ ਕਵਰੇਜ ਤੇ ਸਮਾਜਕ ਤਵੱਜੋ ਮਿਲੇਗੀ। ਪਰ ਤੱਥ ਇਹ ਹੈ ਕਿ ਵਿਸ਼ਵ ਭਾਰਤੀ ਕਾਂਡ ਤੋਂ ਪਤਾ ਚੱਲਿਆ ਹੈ ਕਿ ਪ੍ਰਤੀਬੱਧ ਸਾਇੰਸਦਾਨਾਂ ਅਤੇ ਅਧਿਆਪਕਾਂ ਨੂੰ ਪ੍ਰਸ਼ਾਸਨ ਵਲੋਂ ਇਸ ਕਰ ਕੇ ਜ਼ਲੀਲ ਤੇ ਤੰਗ ਪ੍ਰੇਸ਼ਾਨ ਕੀਤਾ ਗਿਆ ਕਿਉਂਕਿ ਉਨ੍ਹਾਂ ਟੈਗੋਰ ਦੀ ਉਸ ਭਾਵਨਾ ਪ੍ਰਤੀ ਆਪਣੀ ਪ੍ਰਤੀਬੱਧਤਾ ਜਤਾਈ ਸੀ ਜੋ ਕਹਿੰਦੀ ਹੈ ‘‘ਜਿੱਥੇ ਮਨ ਵਿਚ ਕੋਈ ਡਰ ਭੈਅ ਨਹੀਂ ਤੇ ਸਿਰ ਸਦਾ ਮਾਣ ਨਾਲ ਉੱਚਾ ਰਹਿੰਦਾ ਹੈ …।’’
ਅਧਿਆਪਕਾਂ ਅਤੇ ਖੋਜਾਰਥੀਆਂ ਦੀ ਖੁਦਮੁਖ਼ਤਾਰੀ, ਸੰਵਾਦ ਤੇ ਗੱਲਬਾਤ ਦੇ ਸੱਭਿਆਚਾਰ ਅਤੇ ਅਜਿਹੇ ਉਸਰੱਈਏ ਉਪ ਕੁਲਪਤੀਆਂ ਜਿਨ੍ਹਾਂ ਨੂੰ ਸਿਖਿਆਰਥੀਆਂ ਦੀ ਸਮੁੱਚੀ ਬਰਾਦਰੀ ਆਪਣਾ ਮਿੱਤਰ, ਫਿਲਾਸਫਰ ਅਤੇ ਮਾਰਗ ਦਰਸ਼ਕ ਸਮਝੇ, ਦੀ ਮੌਜੂਦਗੀ ਦੇ ਜ਼ਰੀਏ ਜਾਨਦਾਰ ਜਨਤਕ ਯੂਨੀਵਰਸਿਟੀਆਂ ਦੀ ਭਾਵਨਾ ਨੂੰ ਸੁਰਜੀਤ ਕਰਨ ਦੀ ਇਹ ਜੱਦੋਜਹਿਦ ਸਮੇਂ ਦੀ ਲੋੜ ਹੈ। ਇਹ ਕੋਈ ਖੱਬੇਪੱਖੀਆਂ ਜਾਂ ਸੱਜੇਪੱਖੀਆਂ ਦੀ ਜੱਦੋਜਹਿਦ ਨਹੀਂ ਹੈ; ਇਹ ਅਸਲ ਵਿਚ ਯੂਨੀਵਰਸਿਟੀ ਦੇ ਮੂਲ ਸੰਕਲਪ ਨਾਲ ਜੁੜੀ ਹੋਈ ਹੈ; ਇਕ ਅਜਿਹੀ ਯੂਨੀਵਰਸਿਟੀ ਜਿਹੜੀ ਬਹੁਵਾਦ, ਬੌਧਿਕ ਇਮਾਨਦਾਰੀ ਅਤੇ ਨਿਰਭੈਤਾ ਨੂੰ ਹੱਲਾਸ਼ੇਰੀ ਦਿੰਦੀ ਹੋਵੇ ਅਤੇ ਸਭ ਤੋਂ ਵਧ ਕੇ ਇਕ ਸਮਤਾਪੂਰਨ, ਵਾਤਾਵਰਨ ਦੀ ਸੂਝ ਰੱਖਣ ਵਾਲੇ ਸਮਾਜ ਦੇ ਸੁਪਨੇ ਪ੍ਰਤੀ ਵਚਨਬੱਧਤਾ ਰੱਖਦੀ ਹੈ ਅਤੇ ਦੇਸਭਗਤੀ ਨੂੰ ਵਿਸ਼ਵ ਸਾਂਝੀਵਾਲਤਾ ਭਾਵ ਸਥਾਨਕ ਨੂੰ ਅੰਤਰਰਾਸ਼ਟਰੀ ਨਾਲ ਇਕ-ਮਿਕ ਕਰਦੀ ਹੋਵੇ। ਇਸ ਕਿਸਮ ਦੇ ਸੰਘਰਸ਼ ਲਈ ਅਧਿਆਪਕ ਅਤੇ ਵਿਦਿਆਰਥੀ ਦੇ ਤੌਰ ‘ਤੇ ਸਾਨੂੰ ਅੰਤਰਝਾਤ ਦੀ ਕਠੋਰ ਕਵਾਇਦ ‘ਚੋਂ ਲੰਘਣਾ ਪੈਣਾ ਹੈ। ਸਾਨੂੰ ਆਪਣੇ ਆਪ ਤੋਂ ਪੁੱਛਣਾ ਪਵੇਗਾ: ਕੀ ਅਸੀਂ ਵਾਕਈ ਆਪਣੇ ਕਿੱਤੇ ਦੀ ਪੁਕਾਰ ਸੁਣੀ ਹੈ? ਕੀ ਅਸੀਂ ਆਪਣੀ ਅਕਾਦਮਿਕ ਸਾਧਨਾ ਇਮਾਨਦਾਰੀ ਨਾਲ ਨਿਭਾ ਰਹੇ ਹਾਂ? ਕੀ ਅਸੀਂ ਸਜਾਵਟੀ ਬਾਇਓ ਡੈਟਿਆਂ ਅਤੇ ਸਹੀ ਕੁਨੈਕਸ਼ਨਾਂ ਦੇ ਪ੍ਰਬੰਧ ਨਾਲ ਵਸਤੂ ਦੀ ਤਰ੍ਹਾਂ ਵਿਕਣ ਦੀ ਲਾਲਸਾ ‘ਤੇ ਕਾਬੂ ਪਾਉਣ ਦੇ ਸਮੱਰਥ ਹਾਂ? ਅਧਿਆਪਕ ਦੇ ਤੌਰ ‘ਤੇ ਕੀ ਅਸੀਂ ਆਪਣੇ ਵਿਦਿਆਰਥੀਆਂ ਪ੍ਰਤੀ ਜਵਾਬਦੇਹ ਹਾਂ? ਜਾਂ ਫਿਰ ਅਸੀਂ ਆਪਣੇ ਸੁਆਦਾਂ ਵਿਚ ਮਸ਼ਗੂਲ ਮਹਿਜ਼ ਕਰੀਅਰਪ੍ਰਸਤ ਜੀਵ ਹਾਂ? ਕੀ ਕਿਸੇ ਖੱਬੇਪੱਖੀ/ ਅੰਬੇਡਕਰਵਾਦੀ ਅਧਿਆਪਕ/ ਕਾਰਕੁਨ ਲਈ ਇਹ ਸੰਭਵ ਹੈ ਕਿ ਉਹ ਕਿਸੇ ਸਾਧਾਰਨ ਸਾਥੀ ਦੀ ਗੱਲ ਵੀ ਉਂਨੇ ਹੀ ਪਿਆਰ ਤੇ ਅਦਬ ਨਾਲ ਸੁਣ ਸਕਦਾ ਹੈ ਜਿੰਨਾ ਉਹ ਆਪਣੇ ਕਿਸੇ ਸਿਆਸੀ ਸਾਥੀ ਦੀ ਗੱਲ ਸੁਣਦਾ ਹੈ? ਜੇ ਅਸੀਂ ਉਸੇ ਦੁਫੇੜ ਪਾਊ ਸੋਚ ਦੇ ਜਾਲ ਵਿਚ ਮੁੜ ਨਹੀਂ ਫਸਦੇ ਤਾਂ ਅਸੀਂ ਇਕ ਟਾਕਰੇ ‘ਤੇ ਇਕ ਅਜਿਹਾ ਸਭਿਆਚਾਰ ਸਿਰਜਣ ਵਿਚ ਕਾਮਯਾਬ ਹੋ ਸਕਦੇ ਹਾਂ ਜੋ ਨਾ ਖੱਬੇਪੱਖੀ ਹੋਵੇਗਾ ਨਾ ਸੱਜੇਪੱਖੀ, ਨਾ ਉਹ ਰਾਸ਼ਟਰਵਾਦੀ ਹੋਵੇਗਾ ਤੇ ਨਾ ਹੀ ਰਾਸ਼ਟਰਵਾਦ-ਵਿਰੋਧੀ ਸਗੋਂ ਉਹ ਪੂਰੀ ਤਰ੍ਹਾਂ ਮਾਨਵੀ, ਸੰਵਾਦਪੂਰਨ ਅਤੇ ਵਿਸ਼ਵ ਪ੍ਰੇਮੀ ਹੋਵੇਗਾ। ਇਹੋ ਜਿਹਾ ਕੋਈ ਸਤਿਆਗ੍ਰਹਿ ਹੀ ਸਾਡੇ ਉਪ ਕੁਲਪਤੀਆਂ ਨੂੰ ਲੋੜੀਂਦਾ ਸਹੀ ਸਬਕ ਸਿਖਾ ਸਕਦਾ ਹੈ।
*ਲੇਖਕ ਸਮਾਜ ਸ਼ਾਸਤਰੀ ਹੈ।