ਅਹਿਮਦਾਬਾਦ, 17 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਕੇਵੜੀਆ ਨੂੰ ਦੇਸ਼ ਦੇ ਵੱਖ ਵੱਖ ਹਿੱਸਿਆਂ ਨਾਲ ਰੇਲ ਮਾਰਗ ਰਾਹੀਂ ਜੋੜਦੀਆਂ ਅੱਠ ਰੇਲਗੱਡੀਆਂ ਨੂੰ ਅੱਜ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਕੇਵੜੀਆ ਵਿੱਚ ਸਰਦਾਰ ਪਟੇਲ ਦਾ ਸਟੈਚੂ ਆਫ਼ ਯੂਨਿਟੀ ਹੈ, ਜੋ ਅਮਰੀਕਾ ਦੇ ਸਟੈਚੂ ਆਫ਼ ਲਬਿਰਟੀ ਦੀ ਤਰਜ਼ ’ਤੇ ਬਣਾਇਆ ਗਿਆ ਹੈ। ਜਿਨ੍ਹਾਂ ਅੱਠ ਸ਼ਹਿਰਾਂ ਨੂੰ ਰੇਲ ਲਿੰਕ ਜ਼ਰੀਏ ਕੇਵੜੀਆ ਨਾਲ ਜੋੜਿਆ ਗਿਆ ਹੈ, ਉਨ੍ਹਾਂ ਵਿੱਚ ਵਾਰਾਨਸੀ, ਦਾਦਰ, ਅਹਿਮਦਾਬਾਦ, ਹਜ਼ਰਤ ਨਿਜ਼ਾਮੂਦੀਨ, ਰੀਵਾ, ਚੇਨੱਈ ਤੇ ਪ੍ਰਤਾਪਨਗਰ ਸ਼ਾਮਲ ਹਨ।
ਰੇਲਗੱਡੀਆਂ ਨੂੰ ਝੰਡੀ ਵਿਖਾਉਣ ਲਈ ਰੱਖੇ ਵਰਚੁਅਲ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਸਾਲ 2018 ਵਿੱਚ ਸਟੈਚੂ ਆਫ ਯੂਨਿਟੀ ਦੇ ਉਦਘਾਟਨ ਤੋਂ ਹੁਣ ਤੱਕ ਪੰਜਾਹ ਲੱਖ ਦੇ ਕਰੀਬ ਸੈਲਾਨੀ ਇਸ ਦੀ ਫੇਰੀ ਪਾ ਚੁੱਕੇ ਹਨ। ਉਨ੍ਹਾਂ ਡੈਡੀਕੇਟਿਡ ਫਰੇਟ ਕੌਰੀਡੋਰ ਪ੍ਰਾਜੈਕਟ ਦੇ ਹਵਾਲੇ ਨਾਲ ਕਿਹਾ ਕਿ ‘ਇਹ ਪਿਛਲੇ ਸਮੇਂ ’ਚ ਸਾਡੇ ਦੇਸ਼ ’ਚ ਕੰਮ ਕਰਨ ਦੇ ਢੰਗ ਤਰੀਕੇ ਦੀ ਮਿਸਾਲ ਹੈ।’
ਸ੍ਰੀ ਮੋਦੀ ਨੇ ਇਸ ਮੌਕੇ ਤਿੰਨ ਰੇਲਵੇ ਸਟੇਸ਼ਨਾਂ ਅਤੇ ਦਬੋਹੀ ਤੋਂ ਕੇਵੜੀਆ ਨੂੰ ਜੋੜਦੀ ਬਰੌਡ ਗੇਜ ਲਾਈਨ ਦਾ ਵੀ ਵੀਡੀਓ ਲਿੰਕ ਜ਼ਰੀਏ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਭਾਵੀ ਤੌਰ ’ਤੇ ਇਹ ਪਹਿਲੀ ਵਾਰ ਹੋਵੇਗਾ ਜਦੋਂ ਇਕੋ ਸਮੇਂ ਇਕੋ ਮੰਜ਼ਿਲ ਤੋਂ ਇੰਨੀਆਂ ਰੇਲਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ। ਸ੍ਰੀ ਮੋਦੀ ਨੇ ਇਕ ਸਰਵੇ ਦੇ ਹਵਾਲੇ ਨਾਲ ਕਿਹਾ ਕਿ ਕੁਨੈਕਟੀਵਿਟੀ ਵਧਣ ਨਾਲ ਭਵਿੱਖ ’ਚ ਇਕ ਲੱਖ ਤੋਂ ਵੱਧ ਲੋਕ ਰੋਜ਼ਾਨਾ ਕੇਵੜੀਆ ਆਉਣਗੇ। ਉਨ੍ਹਾਂ ਕਿਹਾ ਕਿ ਨਵੀਂ ਰੇਲ ਕੁਨੈਕਟੀਵਿਟੀ ਨਾਲ ਸੈਲਾਨੀਆਂ ਤੋਂ ਇਲਾਵਾ ਮੁਕਾਮੀ ਲੋਕਾਂ ਨੂੰ ਵੱਡਾ ਫਾਇਦਾ ਮਿਲੇਗਾ। ਪ੍ਰਧਾਨ ਮੰਤਰੀ ਨੇ ਅੱਜ ਜਿਨ੍ਹਾਂ 8 ਰੇਲਗੱਡੀਆਂ ਨੂੰ ਹਰੀ ਝੰਡੀ ਵਿਖਾਈ, ਉਨ੍ਹਾਂ ਵਿੱਚ ਅਹਿਮਦਾਬਾਦ-ਕੇਵੜੀਆ ਜਨ ਸ਼ਤਾਬਦੀ ਐਕਸਪ੍ਰੈੱਸ ਵੀ ਸ਼ਾਮਲ ਹੈ। ਇਹ ਗੱਡੀ ਵਿਸਟਾਡੋਮ ਕੋਚ ਨਾਲ ਲੈਸ ਹੈ, ਜਿਸ ਨਾਲ ਇਸ ਵਿੱਚ ਸਫ਼ਰ ਕਰਨ ਵਾਲੇ ਮੁਸਾਫ਼ਰ ਆਪਣੀਆਂ ਸੀਟਾਂ ’ਤੇ ਬੈਠੇ ਛੱਤ ’ਤੇ ਲੱਗੇ ਸ਼ੀਸ਼ੇ ਰਾਹੀਂ ਬਾਹਰ ਦਾ ਵੱਡਾ ਨਜ਼ਾਰਾ ਵੇਖ ਸਕਣਗੇ। ਸ੍ਰੀ ਮੋਦੀ ਨੇ ਕਿਹਾ ਕਿ ਵਿਸਟਾਡੋਮ ਕੋਚਾਂ (ਡੱਬਿਆਂ) ਨਾਲ ਕੇਵੜੀਆ ਤੱਕ ਦਾ ਸਫ਼ਰ ਵਧੇਰੇ ਆਕਰਸ਼ਕ ਬਣ ਜਾਵੇਗਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ਅੰਨਾ ਡੀਐੱਮਕੇ ਦੇ ਬਾਨੀ ਐੱਮ.ਜੀ.ਰਾਮਾਚੰਦਰਨ ਨੂੰ ਵੀ ਯਾਦ ਕੀਤਾ। -ਪੀਟੀਆਈ