ਨਵੀਂ ਦਿੱਲੀ, 17 ਜਨਵਰੀ
ਕਰੋਨਾਵਾਇਰਸ ਮਹਾਮਾਰੀ ਤੋਂ ਬਚਾਅ ਲਈ ਵੈਕਸੀਨ ਦੀ ਪਹਿਲੀ ਡੋਜ਼ ਲਾਉਣ ਲਈ ਦੇਸ਼ ਭਰ ਵਿੱਚ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਦੇ ਪਹਿਲੇ ਦਿਨ ਸ਼ਨਿਚਰਵਾਰ ਨੂੰ ਕੁੱਲ 1.91 ਲੱਖ ਵਿਅਕਤੀਆਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਗਈ। ਵੈਕਸੀਨ ਦੀ ਪਹਿਲੀ ਡੋਜ਼ ਲਗਵਾਉਣ ਵਾਲੇ ਕੁੱਲ ਵਿਅਕਤੀਆਂ ’ਚੋਂ ਸਭ ਤੋਂ ਵੱਧ 21,291 ਵਿਅਕਤੀ ਉੱਤਰ ਪ੍ਰਦੇਸ਼ ਦੇ ਹਨ।
ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਭਰ ਵਿੱਚ ਕੁੱਲ 2,08,826 ਐਕਟਿਵ ਕੇਸਾਂ ’ਚੋਂ ਕੇਰਲ ਵਿੱਚ ਸਭ ਤੋਂ ਵੱਧ 68,633 ਐਕਟਿਵ ਕੇਸ ਹਨ। ਉਸ ਤੋਂ ਬਾਅਦ ਮਹਾਰਾਸ਼ਟਰ ’ਚ 53,163, ਉੱਤਰ ਪ੍ਰਦੇਸ਼ ’ਚ 9,162, ਕਰਨਾਟਕ ’ਚ 8,713, ਪੱਛਮੀ ਬੰਗਾਲ ਵਿੱਚ 7,151 ਤੇ ਤਾਮਿਲਨਾਡੂ ’ਚ 6,128 ਐਕਟਿਵ ਕੇਸ ਹਨ। ਦੇਸ਼ ਵਿੱਚ ਕਰੋਨਾਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ ਇਕ ਕਰੋੜ ਤੋਂ ਉੱਪਰ ਪਹੁੰਚਣ ਤੇ ਕੁੱਲ ਮੌਤਾਂ ਦੀ ਗਿਣਤੀ 1.5 ਲੱਖ ਹੋਣ ਤੋਂ ਬਾਅਦ ਭਾਰਤ ਸਰਕਾਰ ਨੇ ਇਸ ਮਹਾਮਾਰੀ ਤੋਂ ਬਚਾਅ ਲਈ ਸਾਰੇ ਮੁਲਕ ਵਿੱਚ ਕੋਵੀਸ਼ੀਲਡ ਤੇ ਕੋਵੈਕਸੀਨ ਨਾਂ ਦੀ ਵੈਕਸੀਨ ਦੇ ਪਹਿਲੇ ਡੋਜ਼ ਲਗਾਉਣ ਦੀ ਮੁਹਿੰਮ ਆਰੰਭੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਟੀਕਾਕਰਨ ਮੁਹਿੰਮ ਦਾ ਆਗਾਜ਼ ਕਰਦਿਆਂ ਇਕ ਵਾਰ ਫਿਰ ਤੋਂ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਭਾਰਤ ’ਚ ਬਣੀਆਂ ਦੋ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਵਿਗਿਆਨਕਾਂ ਵੱਲੋਂ ਇਨ੍ਹਾਂ ਵੈਕਸੀਨ ਦਾ ਸੁਰੱਖਿਅਤ ਤੇ ਪ੍ਰਭਾਵੀ ਹੋਣਾ ਯਕੀਨੀ ਬਣਾਏ ਜਾਣ ਤੋਂ ਬਾਅਦ ਹੀ ਦਿੱਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੇ ਕੂੜ ਪ੍ਰਚਾਰ ਤੇ ਅਫ਼ਵਾਹਾਂ ਤੋਂ ਬਚ ਕੇ ਰਹਿਣ।
ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਵੈਕਸੀਨ ਦੇ ਸਭ ਤੋਂ ਵੱਧ 21,291 ਡੋਜ਼ ਉੱਤਰ ਪ੍ਰਦੇਸ਼ ’ਚ ਦਿੱਤੇ ਗਏ ਹਨ। ਉਸ ਤੋਂ ਬਾਅਦ ਆਂਧਰਾ ਪ੍ਰਦੇਸ਼ ’ਚ 18,142, ਮਹਾਰਾਸ਼ਟਰ ’ਚ 18,328, ਬਿਹਾਰ ’ਚ 18,169, ਉੜੀਸਾ ’ਚ 13,746, ਕਰਨਾਟਕ ’ਚ 13,594, ਗੁਜਰਾਤ ’ਚ 10,787, ਰਾਜਸਥਾਨ ’ਚ 9,279, ਪੱਛਮੀ ਬੰਗਾਲ ਵਿੱਚ 9,730, ਮੱਧ ਪ੍ਰਦੇਸ਼ ’ਚ 9,219, ਕੇਰਲ ’ਚ 8,062, ਛੱਤੀਸਗੜ੍ਹ ’ਚ 5,592, ਹਰਿਆਣਾ ’ਚ 5,589, ਦਿੱਲੀ ’ਚ 4,319, ਤੇਲੰਗਾਨਾ ’ਚ 3,653, ਅਸਾਮ ’ਚ 3,528, ਝਾਰਖੰਡ ’ਚ 3,096, ਉੱਤਰਾਖੰਡ ’ਚ 2,276, ਜੰਮੂ ਕਸ਼ਮੀਰ ’ਚ 2,044, ਹਿਮਾਚਲ ਪ੍ਰਦੇਸ਼ ’ਚ 1,517, ਮਣੀਪੁਰ ’ਚ 585, ਨਾਗਾਲੈਂਡ ’ਚ 561, ਮੇਘਾਲਿਆ ’ਚ 509, ਗੋਆ ’ਚ 426, ਤ੍ਰਿਪੁਰਾ ’ਚ 355, ਮਿਜ਼ੋਰਮ ’ਚ 314, ਪੁਡੂਚੇਰੀ ’ਚ 274, ਅੰਡੇਮਾਨ ਤੇ ਨਿਕੋਬਾਰ ਦੀਪ ’ਚ 225, ਸਿੱਕਮ ’ਚ 120, ਦਾਦਰਾ ਤੇ ਨਗਰ ਹਵੇਲੀ ’ਚ 80, ਲੱਦਾਖ ’ਚ 79, ਦਮਨ ਤੇ ਦੀਊ ’ਚ 43 ਅਤੇ ਲਕਸ਼ਦੀਪ ’ਚ 21 ਵਿਅਕਤੀਆਂ ਨੂੰ ਪਹਿਲੀ ਡੋਜ਼ ਦਿੱਤੀ ਗਈ। -ਪੀਟੀਆਈ
2,24,301 ਵਿਅਕਤੀਆਂ ਨੂੰ ਲੱਗਾ ਟੀਕਾ, 447 ਜਣਿਆਂ ’ਤੇ ਪਿਆ ਮਾੜਾ ਅਸਰ: ਸਰਕਾਰ
ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਕਰੋਨਾਵਾਇਰਸ ਵੈਕਸੀਨ ਲਗਾਉਣ ਦੇ ਦੂਜੇ ਦਿਨ ਅੱਜ ਦੱਸਿਆ ਕਿ ਹੁਣ ਤੱਕ 2,24,301 ਵਿਅਕਤੀਆਂ ਨੂੰ ਲਾਗ ਤੋਂ ਬਚਾਉਣ ਲਈ ਟੀਕੇ ਲਗਾਏ ਜਾ ਚੁੱਕੇ ਹਨ ਜਿਸ ’ਚੋਂ ਸਿਰਫ਼ 447 ’ਤੇ ਮਾੜਾ ਅਸਰ ਪਿਆ ਹੈ। ਮੰਤਰਾਲੇ ਦੇ ਵਧੀਕ ਸਕੱਤਰ ਮਨੋਹਰ ਅਗਨਾਨੀ ਨੇ ਦੱਸਿਆ ਕਿ ਸਿਰਫ਼ ਤਿੰਨ ਵਿਅਕਤੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਾਉਣ ਦੀ ਲੋੜ ਪਈ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਸਿਰਫ਼ ਛੇ ਸੂਬਿਆਂ ’ਚ ਵੈਕਸੀਨ ਮੁਹਿੰਮ ਚਲਾਈ ਗਈ ਅਤੇ ਕੁੱਲ 17,072 ਲਾਭਪਾਤਰੀਆਂ ਨੂੰ ਟੀਕੇ ਲਗਾਏ ਗਏ। -ਪੀਟੀਆਈ