ਸਿਰਸਾ (ਪ੍ਰਭੂ ਦਿਆਲ): ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਹੱਦਾਂ ’ਤੇ ਕਰੀਬ ਦੋ ਮਹੀਨਿਆਂ ਤੋਂ ਬੈਠੇ ਕਿਸਾਨਾਂ ਲਈ ਪਿੰਡ ਫੂਲਕਾਂ ਦੇ ਕਿਸਾਨਾਂ ਨੇ ਦੇਸੀ ਘਿਓ ਦੇ ਵੀਹ ਕੁਇੰਟਲ ਲੱਡੂ ਤਿਆਰ ਕੀਤੇ ਹਨ। ਇਸ ਤੋਂ ਪਹਿਲਾਂ ਪਿੰਡ ਰੰਗੜੀ ਦੇ ਵਾਸੀ ਦੇਸੀ ਘਿਓ ਦੀਆਂ ਵੀਹ ਕੁਇੰਟਲ ਪਿੰਨੀਆਂ ਦਿੱਲੀ ਕਿਸਾਨਾਂ ਲਈ ਭੇਜ ਚੁੱਕੇ ਹਨ। ਪਿੰਡ ਫੂਲਕਾਂ ਦੇ ਕਿਸਾਨ ਰਵਿੰਦਰ, ਜੈ ਚੰਦ, ਰਾਮ ਕੁਮਾਰ ਤੇ ਖਿਰਾਜ ਗਹਿਲੋਤ ਨੇ ਦੱਸਿਆ ਕਿ ਦਿੱਲੀ ਦੀਆਂ ਹੱਦਾਂ ’ਤੇ ਬੈਠੇ ਕਿਸਾਨਾਂ ਲਈ ਦੇਸੀ ਘਿਓ ਦੇ 20 ਕੁਇੰਟਲ ਲੱਡੂ ਤਿਆਰ ਕੀਤੇ ਗਏ ਹਨ। ਇਹ ਲੱਡੂ ਤੇ ਹੋਰ ਰਸਦ ਲੈ ਕੇ ਭਲਕੇ ਸੋਮਵਾਰ ਨੂੰ ਸੌ ਤੋਂ ਵੱਧ ਕਿਸਾਨ ਦਸ ਟਰੈਕਟਰ-ਟਰਾਲੀਆਂ ’ਤੇ ਦਿੱਲੀ ਰਵਾਨਾ ਹੋਣਗੇ। ਇਹ ਕਿਸਾਨ ਦਿੱਲੀ ’ਚ ਹੋਣ ਵਾਲੀ ਟਰੈਕਟਰ ਪਰੇਡ ਵਿੱਚ ਸ਼ਿਕਰਤ ਕਰਨ ਮਗਰੋਂ ਘਰ ਆਉਣਗੇ।