ਨਿੱਜੀ ਪੱਤਰ ਪ੍ਰੇਰਕ
ਮਲੋਟ, 23 ਫਰਵਰੀ
ਗੰਗ ਕੈਨਾਲ ਦੇ ਕੰਢੇ ਤਸਕਰੀ ਲਈ ਕੱਢੀ ਜਾਂਦੀ ਲਾਹਣ ਨੂੰ ਰੋਕਣ ਲਈ ਥਾਣਾ ਖੂਹੀਆਂ ਸਰਵਰ ਪੁਲੀਸ, ਹਿੰਦੂਮਲ ਕੋਟ ਪੁਲੀਸ, ਐਕਸਾਈਜ਼ ਵਿਭਾਗ ਅਤੇ ਸ਼ਰਾਬ ਕਾਰੋਬਾਰੀਆਂ ਨੇ ਸਾਂਝਾ ਛਾਪਾ ਮਾਰ ਕੇ ਟਿਊਬਾਂ ’ਚ ਪਾ ਕੇ ਜ਼ਮੀਨ ਵਿੱਚ ਦੱਬੀ 8 ਹਜ਼ਾਰ ਲਿਟਰ ਲਾਹਣ ਬਰਾਮਦ ਕੀਤੀ, ਜਿਸ ਨੂੰ ਜੇਸੀਬੀ ਦੀ ਮਦਦ ਨਾਲ ਕੱਢ ਕੇ ਨਸ਼ਟ ਕੀਤਾ ਗਿਆ। ਇਸ ਤੋਂ ਇਲਾਵਾ 30 ਚਾਲੂ ਭੱਠੀਆਂ ਅਤੇ 10 ਡਰੰਮ ਨਸ਼ਟ ਕੀਤੇ ਗਏ। ਥਾਣਾ ਖੂਹੀਆਂ ਸਰਵਰ ਦੇ ਇੰਚਾਰਜ ਸੁਖਪਾਲ ਸਿੰਘ ਨੇ ਦੱਸਿਆ ਕਿ ਲਾਹਣ ਦੀ ਤਸਕਰੀ ਵਧਣ ਨਾਲ ਸ਼ਰਾਬ ਕਾਰੋਬਾਰੀਆਂ ਨੂੰ ਕਰੋੜਾਂ ਰੁਪਏ ਦਾ ਘਾਟਾ ਪੈਂਦਾ ਹੈ, ਜਿਸ ਕਰਕੇ ਸਮੇਂ ਸਮੇਂ ਉਹ ਆਪਣੀਆਂ ਟੀਮਾਂ ਸਮੇਤ ਛਾਪੇ ਮਾਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਛਾਪੇ ਦੀ ਕਾਰਵਾਈ ਦੌਰਾਨ ਸਾਰੇ ਤਸਕਰ ਝਾੜੀਆਂ ਤੇ ਸਰਕੰਡੇ ਦਾ ਫਾਇਦਾ ਉਠਾਉਂਦਿਆਂ ਭੱਜਣ ’ਚ ਸਫ਼ਲ ਹੋ ਗਏ।