ਸਰਬਜੀਤ ਸਿੰਘ ਭੰਗੂ
ਪਟਿਆਲਾ, 16 ਜਨਵਰੀ
ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਅੱਜ ਇੱਥੇ ਲਾਭਪਾਤਰੀਆਂ ਨੂੰ ਰਾਸ਼ਨ ਡਿੱਪੂਆਂ ਦੀ ਅਲਾਟਮੈਂਟ ਦੇ ਲਾਇਸੈਂਸ ਸੌਂਪੇ। ਉਨ੍ਹਾਂ ਕਿਹਾ ਕਿ ਸਰਕਾਰ ਹਰੇਕ ਬੇਰੁਜ਼ਗਾਰ ਨੂੰ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਡਿੱਪੂਆਂ ਦੀ ਅਲਾਟਮੈਂਟ ਵੀ ਘਰ-ਘਰ ਰੁਜ਼ਗਾਰ ਮੁਹਿੰਮ ਦਾ ਹਿੱਸਾ ਹੈ।
ਇਸ ਦੌਰਾਨ ਮਥੁਰਾ ਕਲੋਨੀ ਵਾਸੀ ਸਤੀਸ਼ ਕੁਮਾਰ, ਧੀਰੂ ਦੀ ਬਸਤੀ ਦੇ ਜਸਵਿੰਦਰ ਸਿੰਘ, ਮਹਿੰਦਰਾ ਕਲੋਨੀ ਵਾਸੀ ਮਨੂ ਸ਼ਰਮਾ, ਬਹੇੜਾ ਰੋਡ ਮੋਦੀ ਪਲਾਜ਼ਾ ਵਾਸੀ ਨੀਤੂ ਰਾਣੀ ਤੇ ਨਿਊ ਅਫ਼ਸਰ ਕਲੋਨੀ ਦੇ ਵਸਨੀਕ ਸੰਜੇ ਸ਼ਰਮਾ ਨੂੰ ਰਾਸ਼ਨ ਡਿੱਪੂਆਂ ਦੇ ਲਾਈਸੈਂਸ ਸੌਂਪੇ ਗਏ ਜਦਕਿ ਅੱਜ 70 ਵਿਅਕਤੀਆਂ ਨੂੰ ਰਾਸ਼ਨ ਡਿੱਪੂਆਂ ਦੇ ਲਾਇਸੈਂਸ ਸੌਂਪੇ ਗਏ। ਇਸ ਮੌਕੇ ਚੇਅਰਮੈਨ ਕੇ.ਕੇ. ਸ਼ਰਮਾ, ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੰਤੋਖ ਸਿੰਘ ਅਤੇ ਕੇ.ਕੇ. ਸਹਿਗਲ, ਕੇ.ਕੇ. ਮਲਹੋਤਰਾ, ਕਿਰਨ ਢਿੱਲੋਂ, ਸੰਜੀਵ ਸ਼ਰਮਾ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਡਿਪਟੀ ਡਾਇਰੈਕਟਰ ਫੂਡ ਸਪਲਾਈ ਮਨੀਸ਼ ਨਰੂਲਾ, ਡੀ.ਐੱਫ.ਐੱਸ.ਡੀ. ਹਰਸ਼ਰਨਜੀਤ ਬਰਾੜ ਹਾਜ਼ਰ ਸਨ।
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਇੱਥੋਂ ਦੀ ਸ਼ਹੀਦ ਭਗਤ ਸਿੰਘ ਕਲੋਨੀ ਵਿੱਚ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਸ਼ਹਿਰੀ ਖੇਤਰ ਦੇ ਵਸਨੀਕ ਛੇ ਵਿਅਕਤੀਆਂ ਨੂੰ ਨਵੇਂ ਰਾਸ਼ਨ ਡਿੱਪੂ ਅਲਾਟਮੈਂਟ ਪੱਤਰ ਤਕਸੀਮ ਕੀਤੇ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਨਾਲ ਘਰ ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਨੂੰ ਨਵੇਂ ਪੱਧਰ ’ਤੇ ਲਿਜਾਇਆ ਜਾ ਸਕੇਗਾ।