ਨਵੀਂ ਦਿੱਲੀ, 23 ਜੁਲਾਈ
ਇਥੋਂ ਦੀ ਇੱਕ ਅਦਾਲਤ ਨੇ ਸ਼ਨਿਚਰਵਾਰ ਨੂੰ ਜੇਐਨਯੂ ਦੇ ਸਾਬਕਾ ਵਿਦਿਆਰਥੀ ਸ਼ਰਜੀਲ ਇਮਾਮ ਨੂੰ 2020 ਦਿੱਲੀ ਦੰਗਿਆਂ ਪਿੱਛੇ ਕਥਿਤ ਸਾਜ਼ਿਸ਼ ਦੇ ਇੱਕ ਮਾਮਲੇ ਵਿੱਚ ਅੰਤਰਿਮ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਵਧੀਕ ਸੈਸ਼ਨ ਜੱਜ ਅਮਿਤਾਭ ਰਾਵਤ ਨੇ ਇਹ ਕਹਿੰਦਿਆਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਕਿ ਰਾਹਤ ਦੇਣ ਲਈ ਕੋਈ ਢੁਕਵਾਂ ਆਧਾਰ ਨਹੀਂ ਹੈ। ਸੁਣਵਾਈ ਦੌਰਾਨ, ਇਮਾਮ ਦੇ ਵਕੀਲ ਅਹਿਮਦ ਇਬਰਾਹਿਮ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਜ਼ਮਾਨਤ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਤੇ ਉਸ ਦੇ ਦੇਸ਼ ਛੱਡਣ ਅਤੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਜਾਂ ਸਬੂਤਾਂ ਨਾਲ ਛੇੜਛਾੜ ਦਾ ਕੋਈ ਜੋਖਮ ਨਹੀਂ ਹੈ ਤੇ ਇਮਾਮ ਹਿੰਸਕ ਗਤੀਵਿਧੀਆਂ ਭੜਕਾਉਣ ਵਿੱਚ ਸ਼ਾਮਲ ਨਹੀਂ ਸੀ। ਵਿਸ਼ੇਸ਼ ਸਰਕਾਰੀ ਵਕੀਲ ਅਮਿਤ ਪ੍ਰਸਾਦ ਨੇ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦਿਆਂ ਕਿਹਾ ਕਿ ਅਦਾਲਤ ਜ਼ਮਾਨਤ ਦੇਣ ਤੋਂ ਪਹਿਲਾਂ ਅਪਰਾਧ ਦੀ ਗੰਭੀਰਤਾ ‘ਤੇ ਵਿਚਾਰ ਕਰੇੇ। ਇਮਾਮ ‘ਤੇ ਜਾਮੀਆ ਮਿਲੀਆ ਯੂਨੀਵਰਸਿਟੀ ਵਿੱਚ ਨਾਗਰਿਕਤਾ (ਸੋਧ) ਕਾਨੂੰਨ ਅਤੇ ਕੌਮੀ ਨਾਗਰਿਕਤਾ ਰਜਿਸਟਰ (ਐਨਆਰਸੀ) ਬਾਰੇ ਸਰਕਾਰ ਵਿਰੁੱਧ ਭੜਕਾਊ ਭਾਸ਼ਣ ਦੇਣ ਦਾ ਦੋਸ਼ ਹੈ, ਜਿਸ ਕਾਰਨ ਯੂਨੀਵਰਸਿਟੀ ਦੇ ਬਾਹਰ ਕਥਿਤ ਤੌਰ ’ਤੇ ਹਿੰਸਾ ਹੋਈ ਸੀ। ਇਸ ਦੇ ਨਾਲ ਹੀ ਇਮਾਮ ਆਪਣੇ ਕਥਿਤ ਭੜਕਾਊ ਭਾਸ਼ਣਾਂ ਲਈ ਦੇਸ਼ਧ੍ਰੋਹ ਦੇ ਦੋਸ਼ਾਂ ਦਾ ਵੀ ਸਾਹਮਣਾ ਕਰ ਰਿਹਾ ਹੈ ਅਤੇ ਜਨਵਰੀ 2020 ਤੋਂ ਨਿਆਂਇਕ ਹਿਰਾਸਤ ਵਿੱਚ ਹੈ।
ਜੇਲ੍ਹ ਅਧਿਕਾਰੀਆਂ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ
ਅਦਾਲਤ ਨੇ ਜੇਲ੍ਹ ਅਹਾਤੇ ਵਿੱਚ ਜੇਐਨਯੂ ਦੇ ਸਾਬਕਾ ਵਿਦਿਆਰਥੀ ਸ਼ਰਜੀਲ ਇਮਾਮ ’ਤੇ ਕਥਿਤ ਹਮਲੇ ਨਾਲ ਜੁੜੇ ਮਾਮਲੇ ਦੀ ਸੁਣਵਾਈ ਦੌਰਾਨ ਤਿਹਾੜ ਜੇਲ੍ਹੇ ਦੇ ਅਧਿਕਾਰੀਆਂ ਨੂੰ ਇਕ ਅਗਸਤ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਵਧੀਕ ਸੈਸ਼ਨ ਜੱਜ ਅਮਿਤਾਭ ਰਾਵਤ ਨੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਕਥਿਤ ਘਟਨਾ ਸਬੰਧੀ ਪੇਸ਼ ਸੀਸੀਟੀਵੀ ਫੁਟੇਜ ਵੇਖਣ ਬਾਅਦ ਇਹ ਹੁਕਮ ਦਿੱਤਾ। -ਏਜੰਸੀ