ਪ੍ਰੇਰਕ ਪ੍ਰਸੰਗ
ਪ੍ਰਿੰਸੀਪਲ ਵਿਜੇ ਕੁਮਾਰ
ਬਾਂਦਰ ਸਰਦੀਆਂ ਦੀ ਰੁੱਤ ਦੀ ਇਕ ਦੁਪਹਿਰ ਵਿਚ ਕੁਝ ਸੋਚ ਵਿਚਾਰ ਕਰ ਰਿਹਾ ਸੀ| ਉਸ ਨੂੰ ਧੁੱਪ ਵਿਚ ਬੈਠਿਆਂ ਵੇਖ ਉਸ ਦਾ ਪੱਕਾ ਦੋਸਤ ਹਿਰਨ ਆ ਕੇ ਉਸ ਨੂੰ ਕਹਿਣ ਲੱਗਾ,‘ ਦੋਸਤ, ਤੈਨੂੰ ਵੇਖ ਕੇ ਮੇਰੇ ਮਨ ਵਿਚ ਦੋ ਸਵਾਲ ਆ ਰਹੇ ਹਨ| ਪਹਿਲਾ ਸਵਾਲ ਤਾਂ ਇਹ ਹੈ ਕਿ ਤੂੰ ਐਨੇ ਦਿਨਾਂ ਤੋਂ ਵਿਖਾਈ ਕਿਉਂ ਨਹੀਂ ਦਿੱਤਾ ? ਮੈਂ ਤੈਨੂੰ ਲੱਭ ਰਿਹਾ ਸੀ| ਮੇਰਾ ਦੂਜਾ ਸਵਾਲ ਇਹ ਹੈ ਕਿ ਤੂੰ ਕਿਸੇ ਸੋਚ ਵਿਚ ਡੁੱਬਿਆ ਜਾਪਦਾ ਹੈ|’ ਬਾਂਦਰ ਬੋਲਿਆ, ‘ਦੋਸਤ ਤੇਰੇ ਦੋਵੇਂ ਸਵਾਲ ਠੀਕ ਹਨ। ਮੈਂ ਇਕ ਸਲਾਹ ਕਰਨ ਲਈ ਤੈਨੂੰ ਹੀ ਉਡੀਕ ਰਿਹਾ ਸੀ|’
ਹਿਰਨ ਅੱਗੋਂ ਬੋਲਿਆ, ‘ਹਾਂ! ਹਾਂ! ਦੱਸ ਤੂੰ ਮੇਰੇ ਨਾਲ ਕੀ ਸਲਾਹ ਕਰਨਾ ਚਾਹੁੰਦਾ ਏਂ?’ ਬਾਂਦਰ ਨੇ ਹਿਰਨ ਨੂੰ ਕਿਹਾ, ‘ਭਰਾ ਤੂੰ ਮੇਰੇ ਨਾਲ ਇਹ ਵਾਅਦਾ ਕਰ ਕਿ ਤੂੰ ਮੇਰੀ ਗੱਲ ਸੁਣ ਕੇ ਮਜ਼ਾਕ ਨਹੀਂ ਉਡਾਵੇਂਗਾ ਤੇ ਮੇਰਾ ਸਾਥ ਦੇਵੇਂਗਾ|’ ਹਿਰਨ ਬਾਂਦਰ ਦੀ ਗੱਲ ਸੁਣ ਕੇ ਕਸੂਤੀ ਸਥਿਤੀ ਵਿਚ ਫਸ ਗਿਆ| ਉਸ ਨੇ ਬਾਂਦਰ ਨੂੰ ਕਿਹਾ, ‘ਦੋਸਤ, ਤੂੰ ਬੋਲ ਤਾਂ ਸਹੀ| ਮਜ਼ਾਕ ਤਾਂ ਮੈਂ ਕਰਾਂਗਾ ਹੀ ਨਹੀਂ, ਬਣਦਾ ਸਾਥ ਵੀ ਦੇਵਾਂਗਾ|’ ਬਾਂਦਰ ਨੇ ਹੌਸਲਾ ਕਰ ਕੇ ਕਿਹਾ, ‘ਦੋਸਤ! ਮੈਂ ਪਹਿਲਾਂ ਜਿਸ ਵਣ ਵਿਚ ਰਹਿੰਦਾ ਸੀ, ਉਸ ਵਣ ਦੇ ਰਾਜੇ ਨੇ ਆਪਣੇ ਜਨਮ ਦਿਨ ’ਤੇ ਜੰਗਲ ਦੇ ਜਾਨਵਰਾਂ ਤੇ ਪੰਛੀਆਂ ਨੂੰ ਇਕ ਦਾਵਤ ਦਿੱਤੀ ਸੀ| ਉਸ ਦਾਵਤ ਦਾ ਸੱਦਾ ਮੈਨੂੰ ਵੀ ਸੀ| ਉਸ ਵਣ ਦੇ ਜਾਨਵਰਾਂ ਅਤੇ ਪੰਛੀਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਸਾਰੇ ਆਪਣਾ-ਆਪਣਾ ਭੋਜਨ ਇਕੱਠੇ ਹੋ ਕੇ ਖਾਂਦੇ ਹਨ| ਖਾਣਾ ਖਾਣ ਤੋਂ ਬਾਅਦ ਆਪਣੀ-ਆਪਣੀ ਸਮੱਸਿਆ ਰੱਖਦੇ ਹਨ| ਵਣ ਦਾ ਰਾਜਾ ਵੀ ਉਨ੍ਹਾਂ ਵਿਚ ਬੈਠਦਾ ਹੈ| ਸਾਰਿਆਂ ਦੀ ਇਕ ਦੂਜੇ ਪ੍ਰਤੀ ਸ਼ਿਕਾਇਤ ਅਤੇ ਗਿਲਾ ਗੁੱਸਾ ਨਾਲ ਦੇ ਨਾਲ ਖ਼ਤਮ ਹੋ ਜਾਂਦਾ ਹੈ| ਸਾਰੇ ਇਕ ਦੂਜੇ ਦਾ ਸਹਿਯੋਗ ਦਿੰਦੇ ਹਨ| ਵਣ ਦਾ ਮਾਹੌਲ ਬਹੁਤ ਵਧੀਆ ਹੈ| ਮੇਰਾ ਮਨ ਤਾਂ ਉੱਥੋਂ ਮੁੜਣ ਨੂੰ ਹੀ ਨਹੀਂ ਕਰਦਾ ਸੀ, ਪਰ ਤੇਰੀ ਦੋਸਤੀ ਨੇ ਮੈਨੂੰ ਉੱਥੇ ਰਹਿਣ ਨਹੀਂ ਦਿੱਤਾ| ਕਿੰਨਾ ਚੰਗਾ ਹੋਵੇ ਕਿ ਜੇਕਰ ਅਸੀਂ ਵੀ ਆਪਣੇ ਵਣ ਵਿਚ ਉਨ੍ਹਾਂ ਵਾਂਗ ਪਿਆਰ ਨਾਲ ਰਹੀਏ|’
ਬਾਂਦਰ ਦੀਆਂ ਗੱਲਾਂ ਸੁਣ ਕੇ ਹਿਰਨ ਨੇ ਕਿਹਾ, ‘ਮਿੱਤਰਾ, ਤੇਰਾ ਵਿਚਾਰ ਬਹੁਤ ਵਧੀਆ ਹੈ, ਪਰ ਉਸ ਵਣ ਵਰਗਾ ਮਾਹੌਲ ਪੈਦਾ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਬਾਂਦਰ ਨੇ ਅੱਗੋਂ ਕਿਹਾ, ‘ਭਰਾਵਾ, ਮੈਂ ਚਾਹੁੰਦਾ ਹਾਂ ਕਿ ਆਪਾਂ ਇਕ ਵੱਡਾ ਸਾਰਾ ਡਾਈਨਿੰਗ ਟੇਬਲ ਬਣਾਈਏ| ਕੁਝ ਜਾਨਵਰ ਇਕੱਠੇ ਹੋ ਕੇ ਸਾਰੇ ਵਣ ਦੇ ਜਾਨਵਰਾਂ ਨੂੰ ਵਧੀਆ ਜਿਹੀ ਦਾਵਤ ਦੇਈਏ| ਉਸ ਦਾਵਤ ਵਿਚ ਆਪਣੇ ਵਣ ਦੇ ਰਾਜੇ ਨੂੰ ਵੀ ਸੱਦਾ ਦੇਈਏ| ਉਸੇ ਦਾਵਤ ਵਿਚ ਆਪਣਾ ਪ੍ਰਸਤਾਵ ਪੇਸ਼ ਕਰੀਏ| ਬਾਂਦਰ ਦੀ ਗੱਲ ਸਿਆਣਪ ਵਾਲੀ ਵੀ ਸੀ ਤੇ ਹੱਸਣ ਵਾਲੀ ਵੀ, ਪਰ ਹਿਰਨ ਨੇ ਬਾਂਦਰ ਦਾ ਹੌਸਲਾ ਵਧਾਉਣ ਲਈ ਉਸ ਦਾ ਸਾਥ ਦੇਣ ਦਾ ਵਾਅਦਾ ਕਰਦਿਆਂ ਕਿਹਾ, ‘ਦੋਸਤ, ਵਣ ਦੇ ਜਾਨਵਰਾਂ ਨੂੰ ਦਾਵਤ ਦੇਣ ਤੋਂ ਪਹਿਲਾਂ ਸਾਨੂੰ ਵਣ ਦੇ ਰਾਜੇ ਨੂੰ ਆਪਣੀ ਯੋਜਨਾ ਬਾਰੇ ਦੱਸਣਾ ਪਵੇਗਾ|’ ਬਾਂਦਰ ਨੂੰ ਹਿਰਨ ਦੀ ਗੱਲ ਜਚ ਗਈ| ਉਹ ਦੋਵੇਂ ਇਕ ਦਿਨ ਵਣ ਦੇ ਰਾਜੇ ਸ਼ੇਰ ਕੋਲ ਪਹੁੰਚ ਗਏ| ਹਿਰਨ ਸ਼ੇਰ ਦੇ ਕਾਫ਼ੀ ਨੇੜੇ ਸੀ| ਬਾਂਦਰ ਅਤੇ ਹਿਰਨ ਨੇ ਸ਼ੇਰ ਨੂੰ ਆਪਣੀ ਬਣਾਈ ਯੋਜਨਾ ਬਾਰੇ ਦੱਸਿਆ| ਸ਼ੇਰ ਮਨੋ ਮਨੀ ਬਾਂਦਰ ਦੀ ਬਣਾਈ ਯੋਜਨਾ ’ਤੇ ਹੱਸਿਆ, ਪਰ ਹਿਰਨ ਦੀ ਨੇੜਤਾ ਕਾਰਨ ਉਸ ਨੇ ਉਨ੍ਹਾਂ ਨੂੰ ਇੰਨਾ ਹੀ ਕਿਹਾ, ‘ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ, ਮੈਂ ਤੁਹਾਡੇ ਨਾਲ ਹਾਂ| ਇਸ ਕੰਮ ਲਈ ਮੈਂ ਤੁਹਾਡੀ ਜੋ ਸੇਵਾ ਕਰ ਸਕਦਾ ਹਾਂ, ਉਹ ਮੈਨੂੰ ਦੱਸੋ|’ ਬਾਂਦਰ ਨੇ ਸੋਚ ਸਮਝ ਕੇ ਕਿਹਾ, ‘ਮਹਾਰਾਜ, ਅਸੀਂ ਸਾਰਿਆਂ ਦੇ ਇਕੱਠੇ ਬਹਿ ਕੇ ਭੋਜਨ ਕਰਨ ਲਈ ਇਕ ਡਾਈਨਿੰਗ ਟੇਬਲ ਬਣਾਉਣਾ ਚਾਹੁੰਦੇ ਹਾਂ| ਇਸ ਕੰਮ ਲਈ ਜੇਕਰ ਵਣ ਦੇ ਕੁਝ ਜਾਨਵਰਾਂ ਦੀ ਜ਼ਿੰਮੇਵਾਰੀ ਲਾ ਦਿਓ ਤਾਂ ਤੁਹਾਡੀ ਮਿਹਰਬਾਨੀ ਹੋਵੇਗੀ|’ ਸ਼ੇਰ ਨੇ ਬਾਂਦਰ ਦੀ ਇੱਛਾ ਅਨੁਸਾਰ ਜਾਨਵਰਾਂ ਦੀ ਡਿਊਟੀ ਲਾ ਦਿੱਤੀ| ਬਾਂਦਰ ਨੇ ਡਾਈਨਿੰਗ ਟੇਬਲ ਬਣਾਉਣਾ ਸ਼ੁਰੂ ਕਰ ਦਿੱਤਾ|
ਡਾਈਨਿੰਗ ਟੇਬਲ ਬਣਦਿਆਂ ਵੇਖ ਜੰਗਲ ਦੇ ਜਾਨਵਰ ਹਿਰਨ ਅਤੇ ਬਾਂਦਰ ਨੂੰ ਮਖੌਲ ਕਰ ਰਹੇ ਸਨ, ਪਰ ਉਹ ਦੋਵੇਂ ਆਪਣੇ ਮਿਸ਼ਨ ਵਿਚ ਲੱਗੇ ਰਹੇ| ਇਕ ਦਿਨ ਡਾਈਨਿੰਗ ਟੇਬਲ ਬਣ ਕੇ ਤਿਆਰ ਹੋ ਗਿਆ| ਬਾਂਦਰ ਅਤੇ ਹਿਰਨ ਦੇ ਦੋਸਤਾਂ ਨੇ ਵਣ ਦੇ ਸਾਰੇ ਜਾਨਵਰਾਂ ਅਤੇ ਪੰਛੀਆਂ ਨੂੰ ਦਾਵਤ ’ਤੇ ਬੁਲਾਇਆ| ਸ਼ੇਰ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ| ਦਾਵਤ ਖ਼ਤਮ ਹੋਣ ਤੋਂ ਬਾਅਦ ਬਾਂਦਰ ਨੇ ਵਣ ਦੇ ਜਾਨਵਰਾਂ ਅਤੇ ਪੰਛੀਆਂ ਨੂੰ ਕਿਹਾ, ‘ਭਰਾਓ, ਵਣ ਦੇ ਰਾਜੇ ਦੇ ਸਹਿਯੋਗ ਨਾਲ ਡਾਈਨਿੰਗ ਟੇਬਲ ਬਣ ਕੇ ਤਿਆਰ ਹੋ ਗਿਆ ਹੈ, ਹੁਣ ਤੁਹਾਡੇ ਸਹਿਯੋਗ ਦੀ ਲੋੜ ਹੈ| ਕਿੰਨਾ ਚੰਗਾ ਹੋਵੇ ਕਿ ਜੇਕਰ ਅਸੀਂ ਸਾਰੇ ਇਕ ਮੇਜ਼ ’ਤੇ ਬੈਠ ਕੇ ਭੋਜਨ ਕਰੀਏ|’ ਬਾਂਦਰ ਦੀ ਗੱਲ ਸੁਣ ਕੇ ਕੁਝ ਸ਼ਰਾਰਤੀ ਜਾਨਵਰ ਬੋਲੇ, ‘ਭਰਾ ਜੀ, ਉਸ ਨਾਲ ਸਾਡਾ ਕੀ ਲਾਭ ਹੋਵੇਗਾ ?’
ਹਿਰਨ ਬੋਲਿਆ, ‘ਮਿੱਤਰੋ, ਤੁਹਾਡੇ ਇਸ ਪ੍ਰਸ਼ਨ ਦਾ ਉੱਤਰ ਆਉਣ ਵਾਲਾ ਸਮਾਂ ਹੀ ਦੇਵੇਗਾ, ਤੁਸੀਂ ਇਕੱਠੇ ਬਹਿ ਕੇ ਭੋਜਨ ਕਰਨਾ ਸ਼ੁਰੂ ਤਾਂ ਕਰੋ|’ ਵਣ ਦੇ ਜਾਨਵਰਾਂ ਨੂੰ ਹਿਰਨ ਅਤੇ ਬਾਂਦਰ ਦੀ ਭਲੇ ਵਾਲੀ ਗੱਲ ਸਮਝ ਨਾ ਆਈ, ਪਰ ਉਨ੍ਹਾਂ ਨੇ ਵੀ ਆਪਣੇ ਯਤਨ ਨਹੀਂ ਛੱਡੇ| ਪਹਿਲਾਂ ਉਨ੍ਹਾਂ ਦੋਹਾਂ ਨੇ ਉਸ ਡਾਈਨਿੰਗ ਟੇਬਲ ’ਤੇ ਬੈਠ ਕੇ ਭੋਜਨ ਸ਼ੁਰੂ ਕੀਤਾ| ਹੌਲੀ- ਹੌਲੀ ਜਾਨਵਰਾਂ ਅਤੇ ਪੰਛੀਆਂ ਦੀ ਗਿਣਤੀ ਵਧਣ ਲੱਗੀ| ਜਾਨਵਰਾਂ ਦੇ ਆਪਸੀ ਮਤਭੇਦ, ਗਿਲੇ ਸ਼ਿਕਵੇ ਅਤੇ ਮਨ ਮੁਟਾਵ ਇਕੱਠੇ ਬੈਠਣ ਨਾਲ ਖ਼ਤਮ ਹੋਣੇ ਸ਼ੁਰੂ ਹੋ ਗਏ| ਉਨ੍ਹਾਂ ਵਿਚ ਪਿਆਰ ਵਧਣ ਲੱਗਾ| ਸ਼ੇਰ ਕੋਲ ਜਾਨਵਰਾਂ ਦੀਆਂ ਸ਼ਿਕਾਇਤਾਂ ਪਹੁੰਚਣੀਆਂ ਬੰਦ ਹੋ ਗਈਆਂ| ਸ਼ੇਰ, ਬਾਂਦਰ ਅਤੇ ਹਿਰਨ ਦੀ ਯੋਜਨਾ ਤੋਂ ਬਹੁਤ ਪ੍ਰਭਾਵਿਤ ਹੋਇਆ| ਇਕ ਦਿਨ ਉਸ ਨੇ ਉਨ੍ਹਾਂ ਦੋਹਾਂ ਨੂੰ ਬੁਲਾ ਕੇ ਕਿਹਾ ਕਿ ਮੈਂ ਤੁਹਾਨੂੰ ਦੋਹਾਂ ਨੂੰ ਆਪਣਾ ਸਲਾਹਕਾਰ ਰੱਖਣਾ ਚਾਹੁੰਦਾ ਹਾਂ, ਤੁਸੀਂ ਸਾਡੀ ਬਹੁਤ ਵੱਡੀ ਸਮੱਸਿਆ ਹੱਲ ਕੀਤੀ ਹੈ| ਬਾਂਦਰ ਨੇ ਕਿਹਾ ਤੁਸੀਂ ਇਹ ਅਹੁਦਾ ਕਿਸੇ ਹੋਰ ਨੂੰ ਦਿਓ| ਸਾਨੂੰ ਅਹੁਦੇ ਨਾਲੋਂ ਜਾਨਵਰਾਂ ਅਤੇ ਪੰਛੀਆਂ ਦੀ ਏਕਤਾ ਜ਼ਿਆਦਾ ਚੰਗੀ ਲੱਗਦੀ ਹੈ|
ਸੰਪਰਕ: 98726-27136