ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਜਨਵਰੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ 20 ਜਨਵਰੀ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਲੱਖੀਸ਼ਾਹ ਵਣਜਾਰਾ ਹਾਲ ਵਿੱਚ ਮਨਾਇਆ ਜਾਵੇਗਾ ਅਤੇ 17 ਜਨਵਰੀ ਦਿਨ ਐਤਵਾਰ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ, ਜੋ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸ਼ੁਰੂ ਹੋ ਕੇ ਫ਼ਤਹਿ ਨਗਰ ਵਿਖੇ ਸਮਾਪਤ ਹੋਵੇਗਾ। ਦਿੱਲੀ ਕਮੇਟੀ ਧਰਮ ਪ੍ਰਚਾਰ ਦੇ ਮੁਖੀ ਜਤਿੰਦਰਪਾਲ ਸਿੰਘ ਗੋਲਡੀ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਬਾਅਦ ਇਹ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਅਤੇ ਇਸ ਵਿਚ ਸੁਰੱਖਿਆ ਕਾਰਨਾਂ ਕਰਕੇ ਸਕੂਲਾਂ ਦੇ ਬੱਚਿਆਂ ਅਤੇ ਗੱਤਕਾ ਪਾਰਟੀਆਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। ਕਰੋਨਾ ਮਹਾਮਾਰੀ ਦੇ ਚੱਲਦੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਅਤੇ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ’ਤੇ ਕਮੇਟੀ ਵੱਲੋਂ ਨਗਰ ਕੀਰਤਨ ਨਹੀਂ ਸਜਾਏ ਗਏ ਸਨ। ਇਸ ਵਾਰ ਪ੍ਰਬੰਧਕਾਂ ਨੇ ਸੰਗਤਾਂ ਦੀ ਮੰਗ ਉੱਤੇ ਇਹ ਫ਼ੈਸਲਾ ਲਿਆ ਹੈ ਕਿ ਨਗਰ ਕੀਰਤਨ ਕੱਢਿਆ ਜਾਵੇ। ਉਨ੍ਹਾਂ ਦੱਸਿਆ ਕਿ 19 ਤਰੀਕ ਨੂੰ ਸਵੇਰੇ ਅੰਮ੍ਰਿਤ ਵੇਲੇ ਤੋਂ ਲੱਖੀਸ਼ਾਹ ਵਣਜਾਰਾ ਹਾਲ ਵਿਖੇ ਦੀਵਾਨ ਸਜਾਏ ਜਾਣਗੇ ਜੋ ਦੇਰ ਰਾਤ ਤੱਕ ਚੱਲਣਗੇ ਜਿਸ ਵਿਚ ਪੰਥ ਪ੍ਰਸਿੱਧ ਕੀਰਤਨੀਏ ਜਥੇ ਗੁਰਬਾਣੀ ਦੇ ਮਨੋਹਰ ਕੀਰਤਨ ਵੱਲੋਂ ਸੰਗਤਾਂ ਨੂੰ ਨਿਹਾਲ ਕਰਨਗੇ, ਕਥਾਵਾਚਕ ਪੁੱਜ ਕੇ ਗੁਰਬਾਣੀ ਦੀ ਵਿਸਥਾਰਪੂਰਵਕ ਵਿਆਖਿਆ ਕਰਨਗੇ।