ਲਖਨਊ, 7 ਮਾਰਚ
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਸੱਤਵੇਂ ਅਤੇ ਅੰਤਿਮ ਗੇੜ ’ਚ 54 ਸੀਟਾਂ ’ਤੇ ਪਈਆਂ ਵੋਟਾਂ ਦੌਰਾਨ 57.17 ਫ਼ੀਸਦੀ ਲੋਕਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ। ਪਿਛਲੀ ਵਾਰ 59.56 ਫ਼ੀਸਦ ਵੋਟਿੰਗ ਹੋਈ ਸੀ। ਚੋਣ ਕਮਿਸ਼ਨ ਨੇ ਕਿਹਾ ਕਿ ਵੋਟਿੰਗ ਫ਼ੀਸਦੀ ਦਾ ਅੰਤਿਮ ਅੰਕੜਾ ਮੰਗਲਵਾਰ ਨੂੰ ਜਾਰੀ ਕੀਤਾ ਜਾਵੇਗਾ। ਸੂਬੇ ਦੀਆਂ 403 ਸੀਟਾਂ ’ਤੇ ਵੋਟਿੰਗ ਦਾ ਅਮਲ ਮੁਕੰਮਲ ਹੋਣ ਮਗਰੋਂ ਨਤੀਜੇ 10 ਮਾਰਚ ਨੂੰ ਆਉਣਗੇ। ਚਕੀਆ (ਚੰਦੌਲੀ), ਰੌਬਰਟਸਗੰਜ ਅਤੇ ਦੂਧੀ (ਸੋਨਭੱਦਰਾ) ਸੀਟਾਂ ’ਤੇ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ ਚਾਰ ਵਜੇ ਖ਼ਤਮ ਹੋ ਗਈ ਸੀ ਜਦਕਿ ਬਾਕੀ ਹਲਕਿਆਂ ’ਚ ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੀ। ਚੋਣਾਂ ਦੇ ਸੱਤਵੇਂ ਗੇੜ ’ਚ 613 ਉਮੀਦਵਾਰ ਮੈਦਾਨ ’ਚ ਹਨ। ਇਨ੍ਹਾਂ ਹਲਕਿਆਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਸਦੀ ਹਲਕਾ ਵਾਰਾਨਸੀ ਵੀ ਪੈਂਦਾ ਹੈ।
ਅੱਜ ਦੀ ਵੋਟਿੰਗ ਮਗਰੋਂ ਸੁਹੇਲਦੇਵ ਭਾਰਤੀਯ ਸਮਾਜ ਪਾਰਟੀ ਦੇ ਪ੍ਰਧਾਨ ਓਮ ਪ੍ਰਕਾਸ਼ ਰਾਜਭਰ ਅਤੇ ਕਈ ਹੋਰ ਮੰਤਰੀਆਂ ਦਾ ਭਵਿੱਖ ਵੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਬੰਦ ਹੋ ਗਿਆ ਹੈ। -ਪੀਟੀਆਈ