ਜਗਤਾਰ ਅਣਜਾਣ
ਮੌੜ ਮੰਡੀ, 14 ਜਨਵਰੀ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸ਼ੁਰੂ ਕੀਤੀ ਸਿੱਖਿਆ ਮੁਹਿੰਮ ਦੇ ਤੀਜੇ ਦਿਨ ਅੱਜ ਪਿੰਡ ਮਾਈਸਰਖਾਨਾ ’ਚ ਬਠਿੰਡਾ, ਮਾਨਸਾ, ਫਾਜ਼ਿਲਕਾ, ਮੁਕਤਸਰ ਜ਼ਿਲ੍ਹਿਆਂ ਦੀ ਵਧਵੀਂ ਮੀਟਿੰਗ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਵਿਰੁੱਧ ਘੋਲ ਨੇ ਲੋਕ ਤਾਕਤ ਦਾ ਜਲਵਾ ਵਿਖਾਇਆ ਹੈ। ਲੋਕਾਂ ਨੇ ਆਪਣੇ ਮਸਲੇ ਦੇ ਹੱਲ ਲਈ ਆਪਣੇ ਏਕੇ ਅਤੇ ਸੰਘਰਸ਼ ’ਤੇ ਹੀ ਟੇਕ ਰੱਖੀ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਅੰਦੋਲਨ ਲੋਕ ਲਹਿਰ ਬਣ ਚੁੱਕਾ ਹੈ। ਇਹ ਅੰਦੋਲਨ ਦਾ ਹੀ ਅਸਰ ਹੈ ਕਿ ਸੁਪਰੀਮ ਕੋਰਟ ਨੂੰ ਵੀ ਕਿਸਾਨਾਂ ਦੇ ਅੰਦੋਲਨ ਕਰਨ ਦੇ ਹੱਕ ਚ ਖੜ੍ਹਨਾ ਪਿਆ ਹੈ ਪਰ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਕਿਸਾਨਾਂ ਦੀ ਸਮੱਸਿਆ ਦਾ ਹੱਲ ਕਰਨ ਦੇ ਸਮਰੱਥ ਨਹੀਂ ਹੈ। ਸੁਖਜੀਤ ਸਿੰਘ ਕੋਠਾਗੁਰੂ ਵੱਲੋਂ ਜਥੇਬੰਦੀ ਵੱਲੋਂ ਇਸ ਸੰਘਰਸ਼ ਵਿੱਚ ਹੁਣ ਤੱਕ ਨਿਭਾਏ ਰੋਲ ਦੀ ਰਿਪੋਰਟ ਪੇਸ਼ ਕੀਤੀ। ਜਗਤਾਰ ਸਿੰਘ ਕਾਲਾਝਾੜ ਨੇ ਕਿਸਾਨਾਂ ਨੂੰ ਸੰਘਰਸ਼ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। 18 ਜਨਵਰੀ ਨੂੰ ਧਨੌਲਾ ਤੇ ਕਟਹਿਰਾ ਪਿੰਡ ’ਚ ਕ੍ਰਮਵਾਰ ਹਰਜੀਤ ਗਰੇਵਾਲ ਤੇ ਸੁਰਜੀਤ ਜਿਆਣੀ ਦੇ ਪਿੰਡਾਂ ’ਚ ਔਰਤਾਂ ਦੇ ਵੱਡੇ ਇਕੱਠ ਕਰਕੇ ਰੈਲੀਆਂ ਕੀਤੀਆਂ ਜਾਣਗੀਆਂ।