ਪੱਤਰ ਪ੍ਰੇਰਕ
ਰਾਜਪੁਰਾ, 14 ਜਨਵਰੀ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਲਾਕ ਘਨੌਰ ਦੇ ਪ੍ਰਧਾਨ ਦੀ ਚੋਣ ਵਿਵਾਦਾਂ ਵਿੱਚ ਘਿਰ ਗਈ ਹੈ। ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਯੂਨੀਅਨ ਦੇ ਪਟਿਆਲਾ ਬਲਾਕ-2 ਦੇ ਪ੍ਰਧਾਨ ਗੁਰਧਿਆਨ ਸਿੰਘ ਸਿਊਣਾ ਦੀ ਅਗਵਾਈ ਵਿੱਚ ਸੁਰਿੰਦਰ ਸਿੰਘ ਸੰਧਾਰਸੀ ਨੂੰ ਯੂਨੀਅਨ ਦਾ ਘਨੌਰ ਬਲਾਕ ਦਾ ਪ੍ਰਧਾਨ ਚੁਣਿਆ ਗਿਆ ਸੀ ਪਰ ਇਸੇ ਦੌਰਾਨ ਗੁਰਸੇਵਕ ਸਿੰਘ ਸੰਧਾਰਸੀ ਨੇ ਦਾਅਵਾ ਕੀਤਾ ਹੈ ਕਿ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੰਗ ਸਿੰਘ ਭਟੇੜੀ ਵੱਲੋਂ ਉਨ੍ਹਾਂ ਨੂੰ ਯੂਨੀਅਨ ਦਾ ਬਲਾਕ ਘਨੌਰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੰਗ ਸਿੰਘ ਭਟੇੜੀ ਨੇ ਆਖਿਆ ਕਿ ਇਸ ਸਮੇਂ ਯੂਨੀਅਨ ਵੱਲੋਂ ਹੋਰਨਾਂ ਕਿਸਾਨ ਜਥੇਬੰਦੀਆਂ ਦੇ ਨਾਲ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਮੋਦੀ ਸਰਕਾਰ ਖਿਲਾਫ਼ ਸਾਂਝਾ ਸੰਘਰਸ਼ ਲੜਿਆ ਜਾ ਰਿਹਾ ਹੈ। ਸੰਘਰਸ਼ ਜਿੱਤਣ ਉਪਰੰਤ ਯੂਨੀਅਨ ਵੱਲੋਂ ਬਲਾਕ ਘਨੌਰ ਦੇ ਪ੍ਰਧਾਨ ਦੀ ਚੋਣ ਨਿਯਮਾਂ ਮੁਤਾਬਕ ਬਲਾਕ ਘਨੌਰ ਦੇ ਸਾਰੇ ਪਿੰਡਾਂ ਵਿੱਚੋਂ ਚੁਣ ਕੇ ਆਏ ਕਿਸਾਨ ਡੈਲੀਗੇਟਾਂ ਦੇ ਬਲਾਕ ਇਜਲਾਸ ਦੌਰਾਨ ਕੀਤੀ ਜਾਵੇਗੀ। ਇਸ ਚੋਣ ਸਬੰਧੀ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ।