ਨਵੀਂ ਦਿੱਲੀ: ਭਾਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਮੌਕੇ ਸ਼ੁੱਕਰਵਾਰ ਨੂੰ ਕੋਵਿਡ-19 ਟੀਕਾਕਰਨ ਦੀਆਂ ਦੋ ਕਰੋੜ ਤੋਂ ਵੱਧ ਖੁਰਾਕਾਂ ਲਗਾ ਕੇ ਰਿਕਾਰਡ ਕਾਇਮ ਕਰ ਦਿੱਤਾ ਹੈ। ਕੋ-ਵਿਨ ਪੋਰਟਲ ’ਤੇ ਮੌਜੂਦ ਅੰਕੜਿਆਂ ਮੁਤਾਬਕ ਦੇਸ਼ ਭਰ ਵਿੱਚ ਸ਼ਾਮ ਪੰਜ ਵਜੇ ਤੱਕ 2,00,41,136 ਖ਼ੁਰਾਕਾਂ ਲਾਈਆਂ ਗਈਆਂ ਹਨ। ਹੁਣ ਤੱਕ ਦੇਸ਼ ਵਿੱਚ ਕੁੱਲ 78.68 ਕਰੋੜ ਖ਼ੁਰਾਕਾਂ ਲਾਈਆਂ ਜਾ ਚੁੱਕੀਆਂ ਹਨ। ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਚੌਥੀ ਵਾਰ ਕੋਵਿਡ-19 ਦੇ ਰੋਜ਼ਾਨਾ ਟੀਕਾਕਰਨ ਨੇ ਦੋ ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਹਿੰਦੀ ਵਿੱਚ ਟਵੀਟ ਕਰਕੇ ‘ਵੈਕਸੀਨਸੇਵਾ’ ਤੇ ‘ਹੈਪੀਬਰਥਡੇਅਮੋਦੀਜੀ’ ਹੈਸ਼ਟੈਗ ਦੀ ਵਰਤੋਂ ਕਰਦਿਆਂ ਲਿਖਿਆ,‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਮੌਕੇ ਡੇਢ ਵਜੇ ਤੱਕ ਦੇਸ਼ ਭਰ ਵਿੱਚ ਤੇਜ਼ੀ ਨਾਲ ਇਕ ਕਰੋੜ ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ ਅਤੇ ਲਗਾਤਾਰ ਇਸ ਨੂੰ ਟੀਚੇ ਅੱਗੇ ਵਧਾਇਆ ਜਾ ਰਿਹਾ ਹੈ। ਮੇਰਾ ਮੰਨਣਾ ਹੈ ਕਿ ਅੱਜ ਅਸੀਂ ਟੀਕਾਕਰਨ ਦਾ ਨਵਾਂ ਰਿਕਾਰਡ ਕਾਇਮ ਕਰਾਂਗੇ ਅਤੇ ਇਸ ਨੂੰ ਤੋਹਫ਼ੇ ਵਜੋਂ ਪ੍ਰਧਾਨ ਮੰਤਰੀ ਨੂੰ ਭੇਟ ਕੀਤਾ ਜਾਵੇਗਾ।’ ਜ਼ਿਕਰਯੋਗ ਹੈ ਕਿ ਭਾਜਪਾ ਨੇ ਪ੍ਰਧਾਨ ਮੰਤਰੀ ਦੇ ਜਨਮ ਦਿਨ ਮੌਕੇ ਦੇਸ਼ ਭਰ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦਾ ਟੀਕਾਕਰਨ ਕਰਨ ਲਈ ਆਪਣੀਆਂ ਇਕਾਈਆਂ ਨੂੰ ਆਖਿਆ ਹੋਇਆ ਸੀ। ਮੰਤਰਾਲੇ ਮੁਤਾਬਕ ਭਾਰਤ ਨੇ ਮਹਿਜ਼ 85 ਦਿਨਾਂ ਦੇ ਅੰਦਰ ਦਸ ਕਰੋੜ ਟੀਕਾਕਰਨ ਦਾ ਅੰਕੜਾ ਛੂਹ ਲਿਆ ਹੈ। -ਪੀਟੀਆਈ
ਭਾਰਤ ਵਿੱਚ ਕਰੋਨਾ ਦੇ 34,403 ਨਵੇਂ ਕੇਸ; 320 ਮੌਤਾਂ
ਨਵੀਂ ਦਿੱਲੀ: ਭਾਰਤ ਵਿੱਚ ਕਰੋਨਾਵਾਇਰਸ ਦੇ 34,403 ਨਵੇਂ ਕੇਸ ਆਉਣ ਕਾਰਨ ਲਾਗ ਨਾਲ ਪੀੜਤਾਂ ਦੀ ਗਿਣਤੀ ਵਧ ਕੇ 3,33,81,728 ਹੋ ਗਈ ਹੈ। ਸਰਗਰਮ ਕੇਸ ਘਟ ਕੇ 3,39,056 ਰਹਿ ਗਏ ਹਨ। ਇਹ ਅੰਕੜੇ ਸ਼ੁੱਕਰਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਨੇ ਜਾਰੀ ਕੀਤੇ ਹਨ। ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਅਪਡੇਟ ਕੀਤੇ ਅੰਕੜਿਆਂ ਮੁਤਾਬਕ ਇਸ ਬਿਮਾਰੀ ਕਾਰਨ ਅੱਜ 320 ਵਿਅਕਤੀਆਂ ਦੀ ਹੋਈ ਮੌਤ ਕਾਰਨ ਮੌਤ ਦਰ 4,44,248 ਹੋ ਗਈ ਹੈ ਜਦੋਂ ਕਿ ਲਾਗ ਤੋਂ ਉੱਭਰਨ ਵਾਲਿਆਂ ਦੀ ਦਰ 97.64 ਫ਼ੀਸਦ ਦਰਜ ਕੀਤੀ ਗਈ। ਅੰਕੜਿਆਂ ਮੁਤਾਬਕ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਵਿਡ-19 ਦੇ ਸਰਗਰਮ ਕੇਸਾਂ ਵਿੱਚ 3,867 ਕੇਸਾਂ ਦੀ ਕਮੀ ਆਈ ਹੈ। ਵੀਰਵਾਰ ਨੂੰ 15,27,420 ਟੈਸਟ ਕੀਤੇ ਗਏ। ਇੰਜ ਹੁਣ ਤੱਕ ਕੋਵਿਡ-19 ਦੇ ਹੁਣ ਤੱਕ ਕੁੱਲ 54,92,29,149 ਟੈਸਟ ਕੀਤੇ ਜਾ ਚੁੱਕੇ ਹਨ। -ਪੀਟੀਆਈ