ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 13 ਜਨਵਰੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਪਿਛਲੇ ਕਈ ਮਹੀਨਿਆਂ ਤੋਂ ਬਿਜਲੀ ਦੀ ਬੱਤੀ ਗੁੱਲ ਹੋ ਜਾਣ ਕਾਰਨ ਦੁਖੀ ਹੋਏ ਪਿੰਡ ਦੇ ਨੌਜਵਾਨਾਂ ਨੇ ਜਿੱਥੇ ਸੜਕ ਜਾਮ ਕਰ ਕੇ ਰੋਸ ਮੁਜ਼ਾਹਰਾ ਕੀਤਾ, ਉੱਥੇ ਹੀ ਪਿੰਡ ਦੇ 5 ਨੌਜਵਾਨ ਕੜਾਕੇ ਦੀ ਠੰਢ ’ਚ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਤੱਕ ਪ੍ਰਸ਼ਾਸਨਿਕ ਅਧਿਕਾਰੀ ਖੁਦ ਆ ਕੇ ਸਾਡੀਆਂ ਮੰਗਾਂ ਨਹੀਂ ਮੰਨਦੇ ਉਹ ਟੈਂਕੀ ਤੋਂ ਹੇਠਾਂ ਨਹੀਂ ਉੱਤਰਨਗੇ। ਪਿੰਡ ਦੇ ਨੌਜਵਾਨ ਲਖਵੀਰ ਸਿੰਘ ਤੇ ਜਗਸੀਰ ਸਿੰਘ ਸਣੇ ਹੋਰਨਾਂ ਨੇ ਦੱਸਿਆ ਕਿ ਤਿੰਨ ਮਹੀਨਿਆਂ ਤੋਂ ਰੋਜ਼ਾਨਾ ਸ਼ਾਮ ਦੇ ਸਮੇਂ ਜਦੋਂ ਪਿੰਡ ਵਾਸੀਆਂ ਨੂੰ ਬਿਜਲੀ ਦੀ ਲੋੜ ਹੁੰਦੀ ਹੈ ਤਾਂ 4 ਘੰਟਿਆਂ ਦੇ ਕੱਟ ਲਗਾਏ ਜਾਂਦੇ ਹਨ, ਜਿਸ ਨਾਲ ਪਿੰਡ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਸੂਚਨਾ ਮਿਲਣ ’ਤੇ ਡੀਐੱਸਪੀ ਫੂਲ ਜਸਵੀਰ ਸਿੰਘ, ਐੱਸਐੱਚਓ ਜਗਜੀਤ ਸਿੰਘ, ਤਹਿਸੀਲਦਾਰ ਰਾਕੇਸ਼ ਕੁਮਾਰ ਗਰਗ ਅਤੇ ਐੱਸ ਡੀਓ ਬਲਜੀਤ ਸਿੰਘ ਮੌਕੇ ’ਤੇ ਪੁੱਜੇ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਪਾਵਰਕੌਮ ਦੇ ਅਧਿਕਾਰੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿਚ ਨਗਰ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਭਰੋਸਾ ਦਿੱਤਾ ਤੇ ਮਗਰੋਂ ਨੌਜਵਾਨਾਂ ਨੂੰ ਹੇਠਾਂ ਉਤਾਰਿਆ ਗਿਆ।