ਬੰਗਲੁਰੂ, 13 ਜਨਵਰੀ
ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਅੱਜ ਆਪਣੀ ਕੈਬਨਿਟ ਦਾ ਵਿਸਤਾਰ ਕਰਦਿਆਂ ਸੱਤ ਨਵੇਂ ਮੰਤਰੀ ਸ਼ਾਮਲ ਕੀਤੇ ਹਨ। ਹਾਲਾਂਕਿ ਮੰਤਰੀਆਂ ਦੀ ਸੂਚੀ ਐਲਾਨਣ ਤੋਂ ਬਾਅਦ ਸੱਤਾਧਾਰੀ ਪਾਰਟੀ ਭਾਜਪਾ ’ਚ ਅੰਦਰਖਾਤੇ ਵਿਰੋਧ ਸ਼ੁਰੂ ਹੋ ਗਿਆ ਹੈ। ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਿਧਾਨ ਪ੍ਰੀਸ਼ਦ ਮੈਂਬਰਾਂ ਨੂੰ ਮੰਤਰੀ ਬਣਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ ਲੋਕਾਂ ਨੇ ਨਹੀਂ ਚੁਣਿਆ। ਇਸ ਤੋਂ ਇਲਾਵਾ ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਖੇਤਰਾਂ ਨੂੰ ਢੁੱਕਵੀਂ ਨੁਮਾਇੰਦਗੀ ਨਹੀਂ ਮਿਲੀ। ਜ਼ਿਆਦਾਤਰ ਮੰਤਰੀ ਬੰਗਲੁਰੂ ਤੇ ਬੇਲਗਾਵੀ ਤੋਂ ਹਨ।
ਉਨ੍ਹਾਂ ‘ਸੀਨੀਆਰਤਾ ਤੇ ਪਾਰਟੀ ਲਈ ਕੀਤੇ ਤਿਆਗ’ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ ਹੈ। ਰਾਜਪਾਲ ਵਜੂਭਾਈ ਬਾਲਾ ਨੇ ਰਾਜ ਭਵਨ ਵਿਚ ਮੰਤਰੀਆਂ ਨੂੰ ਸਹੁੰ ਚੁਕਾਈ। ਜੁਲਾਈ 2019 ਵਿਚ ਸੱਤਾ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਨੇ ਤੀਜੀ ਵਾਰ ਕੈਬਨਿਟ ਦਾ ਵਿਸਤਾਰ ਕੀਤਾ ਹੈ। ਆਪਣਾ ਵਾਅਦਾ ਪੂਰਾ ਕਰਦਿਆਂ ਯੇਦੀਯੁਰੱਪਾ ਨੇ ਕਾਂਗਰਸ-ਜੇਡੀ(ਐੱਸ) ਦੇ ਬਾਗ਼ੀ ਹੋਏ ਆਰ. ਸ਼ੰਕਰ ਤੇ ਐਮਟੀਬੀ ਨਾਗਰਾਜ ਨੂੰ ਕੈਬਨਿਟ ਵਿਚ ਥਾਂ ਦਿੱਤੀ ਹੈ। ਇਨ੍ਹਾਂ ਨੇ ਹੀ ਭਾਜਪਾ ਦੀ ਸੱਤਾ ’ਤੇ ਕਾਬਜ਼ ਹੋਣ ਵਿਚ ਮਦਦ ਕੀਤੀ ਸੀ। ਦੋਵੇਂ ਗੱਠਜੋੜ ਸਰਕਾਰ ਵਿਚ ਵੀ ਮੰਤਰੀ ਸਨ। ਇਹ ਹੁਣ ਵਿਧਾਨ ਪ੍ਰੀਸ਼ਦ ਦੇ ਮੈਂਬਰ ਹਨ। ਇਕ ਹੋਰ ਵਿਧਾਨ ਪ੍ਰੀਸ਼ਦ ਮੈਂਬਰ ਯੋਗੇਸ਼ਵਰ ਨੂੰ ਵੀ ਕੈਬਨਿਟ ਵਿਚ ਥਾਂ ਮਿਲੀ ਹੈ। ਇਸ ਤੋਂ ਇਲਾਵਾ ਭਾਜਪਾ ਦੇ ਮੈਂਬਰਾਂ ਨੂੰ ਮੰਤਰੀ ਬਣਾਇਆ ਗਿਆ ਹੈ। ਮੰਤਰੀਆਂ ਦੀ ਸੂਚੀ ਐਲਾਨਣ ਵੇਲੇ ਯੇਦੀਯੁਰੱਪਾ ਨੇ ਐਕਸਾਈਜ਼ ਮੰਤਰੀ ਐਚ. ਨਾਗੇਸ਼ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਉਣ ਦਾ ਸੰਕੇਤ ਵੀ ਦਿੱਤਾ। -ਪੀਟੀਆਈ