ਖੇਤਰੀ ਪ੍ਰਤੀਨਿਧ
ਪਟਿਆਲਾ, 13 ਜਨਵਰੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਪਿਛਲੇ ਸਾਲ ਪੰਜਾਬ ਭਰ ’ਚ ਜਨਮੀਆਂ ਡੇਢ ਲੱਖ ਤੋਂ ਵੱਧ ਬੱਚੀਆਂ ਦੀ ਲੋਹੜੀ ਮਨਾਏਗੀ। ‘ਧੀਆਂ ਦੀ ਲੋਹੜੀ’ ਦੇ ਬੈਨਰ ਹੇਠ ਮਹੀਨਾ ਭਰ ਚੱਲਣ ਵਾਲੇ ਇਸ ਪ੍ਰੋਗਰਾਮ ਦੌਰਾਨ ਪਹਿਲੀ ਲੋਹੜੀ ਮਨਾਉਣ ਵਾਲੀਆਂ ਇਨ੍ਹਾਂ ਸਮੂਹ ਬੱਚੀਆਂ ਦੇ ਮਾਪਿਆਂ ਨੂੰ ਸ਼ਗਨ ਅਤੇ ਹਰੇਕ ਬੱਚੀ ਲਈ ਸਾਜ਼ੋ-ਸਾਮਾਨ ਸਮੇਤ ਮੁੱਖ ਮੰਤਰੀ ਦੇ ਦਸਤਖਤਾਂ ਵਾਲੇ ਪੱਤਰ ਵੀ ਸੌਂਪੇ ਜਾਣਗੇ। ਇਹ ਜਾਣਕਾਰੀ ਇਥੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਇੱਕ ਸਮਾਗਮ ਦੌਰਾਨ ਦਿੱਤੀ। ਧੀਆਂ ਨੂੰ ਵੀ ਪੁੱਤਾਂ ਬਰਾਬਰ ਮਾਣ ਸਨਮਾਨ ਦੇਣ ’ਤੇ ਜ਼ੋਰ ਦਿੰਦਿਆਂ ਲੋਕ ਸਭਾ ਮੈਂਬਰ ਨੇ ਕਿਹਾ ਕਿ ਸਰਕਾਰ ਬਣਦਿਆਂ ਹੀ ਮੁੱਖ ਮੰਤਰੀ ਨੇ ਆਸ਼ੀਰਵਾਦ ਸਕੀਮ ਤਹਿਤ ਧੀਆਂ ਨੂੰ ਦਿੱਤੇ ਜਾਂਦੇ ਸ਼ਗਨ ਦਾ ਘੇਰਾ ਹੋਰ ਵਿਸ਼ਾਲ ਕੀਤਾ।