ਪਰਸ਼ੋਤਮ ਬੱਲੀ
ਬਰਨਾਲਾ, 6 ਨਵੰਬਰ
ਸਥਾਨਕ ਨਵਚੇਤਨ ਕੰਪਲੈਕਸ ਵਿੱਚ ‘ਅਦਾਰਾ ਕਥਾ ਕਹਿੰਦੀ ਰਾਤ’ ਵੱਲੋਂ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਕਹਾਣੀਕਾਰ ਪਵਨ ਪਰਿੰਦਾ ਦੀ ਪੁਸਤਕ ‘ਕੰਸ ਅਜੇ ਮਰਿਆ ਨਹੀਂ’ ਰਿਲੀਜ਼ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋ. ਕ੍ਰਿਪਾਲ ਕਜ਼ਾਕ ਨੇ ਕੀਤੀ। ਪੰਜਾਬੀ ਸਾਹਿਤ ਰਤਨ ਓਮ ਪ੍ਰਕਾਸ਼ ਗਾਸੋ ਤੇ ਸਾਬਕਾ ਵਿਧਾਇਕ ਚੰਦ ਸਿੰਘ ਚੋਪੜਾ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਕਹਾਣੀਕਾਰ ਜੋਗਿੰਦਰ ਨਿਰਾਲਾ, ਐੱਸ.ਐੱਸ. ਗਿੱਲ, ਡਾ. ਤ੍ਰਿਲੋਕ ਬੰਧੂ, ਚੋਪੜਾ ਤੇ ਗਾਸੋ ਪ੍ਰਧਾਨਗੀ ਮੰਡਲ ’ਚ ਸ਼ਾਮਲ ਸਨ। ਐੱਸ.ਐੱਸ. ਗਿੱਲ ਨੇ ਪੁਸਤਕ ‘ਕੰਸ ਅਜੇ ਮਰਿਆ ਨਹੀਂ’ ਬਾਰੇ ਮੁਢਲੀ ਜਾਣ ਪਹਿਚਾਣ ਕਰਵਾਈ। ਪ੍ਰੋ. ਕਜ਼ਾਕ ਨੇ ਕਿਹਾ ਕਿ ਲੇਖਕ ਆਲੇ-ਦੁਆਲੇ ਵਾਪਰਦੀਆਂ ਘਟਨਾਵਾਂ ਰੂਪੀ ਸੋਨੇ ਵਿੱਚ ਆਪਣੀ ਸਿਰਜਨਾਤਮਕ ਕਲਪਨਾ ਦਾ ਰਲਾਅ ਕਰਕੇ ਇੱਕ ਰਚਨਾ ਰੂਪੀ ਗਹਿਣਾ ਤਿਆਰ ਕਰਦਾ ਹੈ। ਸਾਹਿਤ ਰਤਨ ਓਮ ਪ੍ਰਕਾਸ਼ ਗਾਸੋ ਨੇ ਕਿਹਾ ਕਿ ਪਰਿੰਦਾ ਦੀ ਪੁਸਤਕ ਅਧੁਨਿਕਤਾ ਦੇ ਵਿਵੇਕਸ਼ੀਲ ਵਿਸ਼ਲੇਸ਼ਣ ਦਾ ਮਸੌਦਾ ਹੈ। ਡਾ. ਉਜਾਗਰ ਸਿੰਘ ਮਾਨ, ਡਾ. ਅਨਿੱਲ ਸ਼ੋਰੀ, ਭੋਲਾ ਸਿੰਘ ਸੰਘੇੜਾ ਆਦਿ ਨੇ ਆਖਿਆ ਕਿ ਲੇਖਕ ਨੇ ਆਪਣੇ ਅੰਦਰ ਦੇ ਵਲਵਲਿਆਂ ਦਾ ਬਾਖੂਬੀ ਚਿੱਤਰਨ ਕੀਤਾ ਹੈ। ਅਖੀਰ ’ਚ ਲੇਖਕ ਪਵਨ ਪਰਿੰਦਾ ਨੇ ਭਵਿੱਖ ਵਿੱਚ ਹੋਰ ਸਿਰਜਨ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੀ ਗੱਲ ਆਖੀ। ਕਵੀ ਦਰਬਾਰ ਦੌਰਾਨ ਕਵੀਆਂ ਆਪਣੀਆਂ ਬਾਖੂਬੀ ਪੇਸ਼ਕਾਰੀਆਂ ਦਿੱਤੀਆਂ।