ਰਵਿੰਦਰ ਰਵੀ
ਬਰਨਾਲਾ, 12 ਜਨਵਰੀ
ਕਿਸਾਨ ਅੰਦੋਲਨ ਦੇ ਭਖਣ ਨਾਲ ਸਿਰ ’ਤੇ ਪਹੁੰਚੀਆਂ ਨਗਰ ਕੌਂਸਲ ਚੋਣਾਂ ਵਿੱਚ ਭਾਜਪਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਰਵਾਇਤੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਤੋਂ ਕਿਸਾਨ ਕਾਨੂੰਨਾਂ ਦੇ ਮੁੱਦੇ ’ਤੇ ਤੋੜ ਵਿਛੋੜ ਮਗਰੋਂ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਦਮ ’ਤੇ ਬਹੁਮਤ ਹਾਸਲ ਕਰਨ ਦਾ ਦਾਅਵਾ ਜਤਾ ਰਹੀ ਭਾਜਪਾ ਲਈ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਆਪਣਾ ਪੁਰਾਣਾ ਪ੍ਰਦਰਸ਼ਨ ਦੁਹਰਾਉਣਾ ਮੁਸ਼ਕਿਲ ਹੋਵੇਗਾ। ਸ਼ਹਿਰੀ ਵੋਟਰਾਂ ਦੇ ਸਿਰ ’ਤੇ ਰਾਜਨੀਤੀ ਚਮਕਾਉਣ ਵਾਲੀ ਭਾਜਪਾ ਨੂੰ ਕਿਸਾਨ ਅੰਦੋਲਨ ਨੇ ਕਸੂਤੀ ਸਥਿਤੀ ਵਿੱਚ ਪਾ ਦਿੱਤਾ ਹੈ। ਪਿਛਲੀ ਵਾਰ ਨਗਰ ਕੌਂਸਲ ਬਰਨਾਲਾ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੀ ਭਾਜਪਾ ਇਸ ਵਾਰ ਪਿਛਲਾ ਪ੍ਰਦਰਸ਼ਨ ਦੁਹਰਾ ਸਕੇਗੀ, ਇਸ ’ਤੇ ਸਭ ਦੀਆਂ ਨਿਗਾਹਾਂ ਹਨ। ਪਿਛਲੀ ਵਾਰ ਉਪ ਪ੍ਰਧਾਨ ਸਮੇਤ ਕਈ ਮਹੱਤਵਪੂਰਨ ਕਮੇਟੀਆਂ ਦੀ ਅਗਵਾਈ ਕਰਨ ਵਾਲੀ ਭਾਜਪਾ ਲਈ ਇਸ ਵਾਰ ਵੀ ਉਮੀਦਵਾਰਾਂ ਨੂੰ ਪਾਰਟੀ ਨਿਸ਼ਾਨ ’ਤੇ ਹੀ ਚੋਣ ਲੜਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪਾਰਟੀ ਦੇ ਬਹੁਤ ਸਾਰੇ ਅਹੁਦੇਦਾਰ ਤੇ ਵਰਕਰ ਵੱਖ-ਵੱਖ ਵਾਰਡਾਂ ਵਿੱਚ ਆਪਣੀਆਂ ਦਾਅਵੇਦਾਰੀਆਂ ਜਤਾ ਰਹੇ ਹਨ। ਭਾਵੇਂ ਚੋਣਾਂ ਦੀ ਮਿਤੀ ਦਾ ਐਲਾਨ ਹੋਣਾ ਬਾਕੀ ਹੈ ਪਰ ਬਾਕੀ ਪਾਰਟੀਆਂ ਦੇ ਨਾਲ ਨਾਲ ਭਾਜਪਾ ਦੇ ਸੰਭਾਵੀ ਉਮੀਦਵਾਰਾਂ ਨੇ ਵੀ ਅੰਦਰਖਾਤੇ ਆਪਣੀਆਂ ਤਿਆਰੀ ਤੇਜ਼ ਕਰ ਦਿੱਤੀਆਂ ਹਨ। ਜ਼ਿਲ੍ਹੇ ਦੇ ਦੋ ਵੱਡੇ ਆਗੂਆਂ ਸੂਬਾ ਉਪ ਪ੍ਰਧਾਨ ਅਰਚਨਾ ਦੱਤ ਅਤੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਦੇ ਘਰ ਕਿਸਾਨ ਜਥੇਬੰਦੀਆਂ ਨੇ ਲੰਮੇ ਸਮੇਂ ਤੋਂ ਪੱਕਾ ਮੋਰਚਾ ਲਾਇਆ ਹੋਇਆ ਹੈ। ਜ਼ਿਲ੍ਹਾ ਪ੍ਰਧਾਨ ਦੀ ਬੀਵੀ ਮੌਜੂਦਾ ਨਗਰ ਕੌਂਸਲਰ ਵੀ ਹੈ। ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਨੇ ਸਥਾਨਕ ਪੱਧਰ ’ਤੇ ਵੀ ਭਾਜਪਾ ਆਗੂਆਂ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ, ਉਸ ਕਰ ਕੇ ਭਾਜਪਾ ਦੇ ਆਗੂ ਅਤੇ ਵਰਕਰ ਖੁੱਲ੍ਹ ਕੇ ਚੋਣ ਪ੍ਰਚਾਰ ਨਹੀਂ ਕਰ ਪਾ ਰਹੇ ਹਨ। ਦੂਜੇ ਪਾਸੇ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਸਮਰਥਕ ਉਮੀਦਵਾਰ ਖੁੱਲ੍ਹ ਕੇ ਮੈਦਾਨ ਵਿੱਚ ਆ ਗਏ ਹਨ। ਪਿਛਲੀ ਵਾਰ ਕੁੱਲ 31 ਵਾਰਡਾਂ ਵਿੱਚੋਂ ਭਾਜਪਾ ਵੱਲੋਂ 12 ਉਮੀਦਵਾਰਾਂ ’ਚ 3 ਚੋਣ ਜਿੱਤਣ ਵਿੱਚ ਸਫ਼ਲ ਰਹੇ ਸਨ ਅਤੇ ਭਾਈਵਾਲ ਅਕਾਲੀ ਦਲ ਨਾਲ ਮਿਲ ਕੇ ਕੌਂਸਲ ’ਤੇ ਕਬਜ਼ਾ ਕੀਤਾ ਸੀ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਕਿਹਾ ਕਿ ਪਾਰਟੀ ਇਸ ਵਾਰ 31 ਵਾਰਡਾਂ ’ਚ ਆਪਣੇ ਉਮੀਦਵਾਰਾਂ ਨੂੰ ਪਾਰਟੀ ਦੇ ਚੋਣ ਨਿਸ਼ਾਨ ’ਤੇ ਚੋਣ ਲੜਾ ਕੇ ਨਗਰ ਕੌਂਸਲ ’ਤੇ ਕਬਜ਼ਾ ਕਰੇਗੀ।