ਸੁਰਜੀਤ ਮਜਾਰੀ
ਬੰਗਾ, 11 ਜਨਵਰੀ
ਲਾੜੇ ਵਲੋਂ ਵਿਆਹ ਦੀਆਂ ਰਸਮਾਂ ਵਿੱਚੇ ਛੱਡ ਕੇ ਪੇਪਰ ਦੇਣ ਦੀ ਖ਼ਬਰ ਇਲਾਕੇ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਪਿੰਡ ਮਜਾਰੀ ਵਾਸੀ ਸੰਨ੍ਹੀ ਦੇ ਵਿਆਹ ਦੀ ਤਰੀਕ ਮਿੱਥੀ ਜਾ ਚੁੱਕੀ ਸੀ ਤੇ ਬਾਅਦ ’ਚ ਲਾੜੇ ਦੀ ਅਧਿਆਪਕ ਭਰਤੀ ਲਈ ਪ੍ਰੀਖਿਆ ਵੀ ਉਸੇ ਦਿਨ ਦੀ ਆ ਗਈ। ਪ੍ਰੀਖਿਆ ਨੂੰ ਮੁੱਖ ਰੱਖਦਿਆਂ ਲਾੜਾ ਬਰਾਤ ਲੈ ਕੇ ਸਵੇਰੇ ਲਾੜੀ ਦੇ ਪਿੰਡ ਰਟੈਂਡਾ ਪੁੱਜ ਗਿਆ। ਉਸ ਨੇ ਲਾਵਾਂ ਦੀ ਰਸਮ ਤੋਂ ਤੁਰੰਤ ਬਾਅਦ ਪੇਪਰ ਦੇਣ ਲਈ ਪ੍ਰੀਖਿਆ ਕੇਂਦਰ ਜਲੰਧਰ ਨੂੰ ਚਾਲੇ ਪਾ ਲਏ। ਰਵਾਨਗੀ ਵੇਲੇ ਦੋਵਾਂ ਪਾਸਿਓਂ ਵਿਆਹ ’ਚ ਸ਼ਾਮਲ ਹੋਏ ਸਾਕ ਸਬੰਧੀਆਂ ਦੀ ਹਾਜ਼ਰੀ ’ਚ ਲਾੜੀ ਮੋਨਿਕਾ ਵਲੋਂ ਲਾੜੇ ਨੂੰ ‘ਬੈਸਟ ਆਫ਼ ਲੱਕ’ ਕਹਿਣ ਵੇਲੇ ਮਾਹੌਲ ’ਚ ਭਾਵੁਕਤਾ ਭਰ ਗਈ। ਪ੍ਰੀਖਿਆ ਕੇਂਦਰ ਤੋਂ ਲਾੜੀ ਦੇ ਪਿੰਡ ਤੱਕ ਡੇਢ ਸੌ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮੁੜੇ ਲਾੜੇ ਦੀਆਂ ਵਿਆਹ ਦੀਆਂ ਬਾਕੀ ਰਸਮਾਂ ਨਿਭਾਈਆਂ ਗਈਆਂ। ਸੰਨੀ ਨੇ ਦੱਸਿਆ ਕਿ ਪਰਿਵਾਰਕ ਜ਼ਿੰਦਗੀ ਤੇ ਭਵਿੱਖ ਦੀ ਇੱਕੋ ਦਿਨ ਆਈ ਪ੍ਰੀਖਿਆ ਕਰਕੇ ਮਨ ਸੋਚੀਂ ਜ਼ਰੂਰ ਪਿਆ ਸੀ ਪਰ ਹੁਣ ਦੋਵੇਂ ਪੱਖ ਸਮੇਂ ਸਿਰ ਨਿਭਣ ਕਰਕੇ ਖੁਸ਼ ਹਾਂ।