ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 11 ਜਨਵਰੀ
ਇਥੋਂ ਨਜ਼ਦੀਕੀ ਪਿੰਡ ਚੌਹਾਨ ਦੇ ਜੀਟੀ ਰੋਡ ਉੱਪਰ ਸਥਿਤ ਮੈਰਿਜ ਪੈਲੇਸ ਦੇ ਬਾਹਰ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਕੇ ਲਾੜੇ ਦੇ ਪਿਤਾ ਨੂੰ ਮਾਰ ਦਿੱਤਾ। ਡੀਐੱਸਪੀ ਜੰਡਿਆਲਾ ਗੁਰੂ ਨੇ ਕਿਹਾ ਬੀਤੀ ਦੇਰ ਸ਼ਾਮ ਸਲਵਿੰਦਰ ਸਿੰਘ (50) ਖਮਾਣੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਆਪਣੇ ਪੁੱਤਰ ਜਗਦੀਪ ਸਿੰਘ ਦਾ ਵਿਆਹ ਇੱਥੋਂ ਨਜ਼ਦੀਕੀ ਦਸ਼ਮੇਸ਼ ਨਗਰ ਵਾਸੀ ਗੱਜਨ ਸਿੰਘ ਦੀ ਬੇਟੀ ਨਾਲ ਕਰਨ ਲਈ ਬਰਾਤ ਲੈ ਕੇ ਆਇਆ ਸੀ। ਸ਼ਾਮ ਨੂੰ ਗੁਰਦਵਾਰੇ ਤੋਂ ਫੇਰੇ ਕਰਨ ਉਪਰੰਤ ਵਾਪਸ ਖਮਾਣੋਂ ਜਾ ਰਹੇ ਸਨ। ਉਨ੍ਹਾਂ ਦੱਸਿਆ ਜਦੋਂ ਉਹ ਜੀਟੀ ਰੋਡ ਸਥਿਤ ਪਿੰਡ ਚੌਹਾਨ ਸਥਿਤ ਮੈਰਿਜ ਪੈਲੇਸ ਚੌਹਾਨ ਕੈਸਲ ਦੇ ਬਾਹਰ ਪਹੁੰਚੇ ਤਾਂ ਇੱਥੇ ਰੁਕ ਕੇ ਉਹ ਫੋਟੋਆਂ ਖਿਚਵਾਉਣ ਲੱਗ ਪਏ। ਡੀਐੱਸਪੀ ਨੇ ਦੱਸਿਆ ਪੈਲੇਸ ਦੇ ਬਾਹਰ ਇਨੋਵਾ ਗੱਡੀ ਵਿਚ ਲਾੜੇ ਦਾ ਪਿਤਾ ਬੈਠਾ ਹੋਇਆ ਸੀ ਅਤੇ ਇੰਨੇ ਨੂੰ ਮੋਟਰਸਾਈਕਲ ’ਤੇ ਸਵਾਰ ਤਿੰਨ ਅਣਪਛਾਤੇ ਨੌਜਵਾਨ ਉੱਥੇ ਪਹੁੰਚੇ ਅਤੇ ਲਾੜੇ ਦੇ ਪਿਤਾ ਨੂੰ ਗੱਡੀ ਵਿੱਚੋਂ ਬਾਹਰ ਆਉਣ ਲਈ ਕਿਹਾ ਜਦੋਂ ਉਸ ਨੇ ਬਾਹਰ ਆਉਣ ਤੋਂ ਮਨ੍ਹਾ ਕੀਤਾ ਤਾਂ ਇਨ੍ਹਾਂ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਜ਼ਬਰਦਸਤੀ ਗੱਡੀ ਵਿੱਚੋਂ ਬਾਹਰ ਖਿੱਚ ਲਿਆ ਅਤੇ ਉਸ ਦੀ ਛਾਤੀ ਉੱਪਰ ਫਾਇਰ ਕਰ ਦਿੱਤਾ। ਗੋਲੀ ਲੱਗਣ ਕਾਰਨ ਕਾਰਨ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਉਸ ਨੂੰ ਫੌਰੀ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿੱਥੇ ਪਹੁੰਚ ਕੇ ਉਸ ਦੀ ਮੌਤ ਹੋ ਗਈ। ਜੰਡਿਆਲਾ ਗੁਰੂ ਪੁਲੀਸ ਨੇ ਪਰਚਾ ਦਰਜ ਕਰਕੇ ਕਈ ਪਹਿਲੂਆਂ ਤੋਂ ਜਾਂਚ ਆਰੰਭ ਦਿੱਤੀ ਹੈ।