ਸਰਬਜੀਤ ਸਿੰਘ ਭੰਗੂ
ਪਟਿਆਲਾ 10 ਜਨਵਰੀ
ਸਥਾਨਕ ਅਰਬਨ ਅਸਟੇਟ ਦੀ ਕਿਸਾਨ ਮਜ਼ਦੂਰ ਅਤੇ ਮੁਲਾਜ਼ਮ ਸੰਘਰਸ਼ ਕਮੇਟੀ’ ਦੀ ਅਗਵਾਈ ਹੇਠ ਇਲਾਕੇ ਦੇ ਲੋਕਾਂ ਨੇ ਅੱਜ ਅਰਬਨ ਅਸਟੇਟ ਖੇਤਰ ਵਿਚ ਟਰੈਕਟਰ ਮਾਰਚ ਕੀਤਾ। ਮਾਰਚ ਵਿੱਚ ਯੂਨੀਵਰਸਿਟੀ ਤੇ ਕਾਲਜਾਂ ਦੇ ਪ੍ਰੋਫੈਸਰਾਂ, ਡਾਕਟਰਾਂ, ਸਕੂਲ ਅਧਿਆਪਕਾਂ, ਅਧਿਕਾਰੀਆਂ, ਮੁਲਾਜ਼ਮਾਂ , ਦੁਕਾਨਦਾਰਾਂ ਅਤੇ ਵਪਾਰੀਆਂ ਸਮੇਤ ਮਹਿਲਾਵਾਂ ਤੇ ਬੱਚਿਆਂ ਨੇ ਵੀ ਵੱੱਡੀ ਗਿਣਤੀ ’ਚ ਸ਼ਿਰਕਤ ਕੀਤੀ। ਜਿਸ ਦੌਰਾਨ ਹੀ ਮਾਨਵ ਮੰਚ ਦੀ ਟੀਮ ਨੇ ਖੇਡ ਲੇਖਕ ਡਾ ਸੁਖਦਰਸ਼ਨ ਚਹਿਲ ਦੇ ‘ਦਿੱਲੀ ਚੱਲੋ’ ਨਾਟਕ ਦੀ ਪੇਸ਼ਕਾਰੀ ਦੌਰਾਨ ਲੋਕਾਂ ਨੂੰ ਕਿਸਾਨ ਸੰਘਰਸ਼ ’ਚ ਕੁੱਦਣ ਦਾ ਸੱਦਾ ਦਿੱਤਾ।ਟਰੈਕਟਰ ਮਾਰਚ ਦੇ ਪ੍ਰਬੰੰਧਾਂ ’ਚ ਡਾ ਬਲਵਿੰਦਰ ਸੋਹਲ, ਅਮਰਜੀਤ ਵੜੈਚ, ਡਾ. ਰਾਜਿੰਦਰਪਾਲ ਬਰਾੜ, ਡਾ. ਬਲਕਾਰ ਸਿੰਘ, ਨਰਿੰਦਰ ਸਿੰਘ ਰਾਣੂ, ਹਰਪਾਲ ਸਿੰਘ ਖੰਗੂੜਾ, ਇੰਦਰਬੀਰ ਸਿੰਘ, ਲਖਵਿੰਦਰ ਕਨੇਡੀ,ਡਾ. ਸੁਖਦਰਸ਼ਨ ਚਹਿਲ, ਭੁਪਿੰਦਰ ਸਿੰਘ ਸ਼ੇਖੂਪੁਰਾ ਅਤੇ ਗੁਰਮੀਤ ਸਿੰਘ ਦਿੱਤੂਪੁਰ ਆਦਿ ਦਾ ਯੋਗਦਾਨ ਰਿਹਾ।ਇਸ ਦੌਰਾਨ ਮਾਨਵ ਮੰਚ ਪਟਿਆਲਾ ਦੀ ਟੀਮ ਵੱਲੋਂ ਖੇਡ ਲੇਖਕ ਡਾ. ਸੁਖਦਰਸ਼ਨ ਚਹਿਲ ਦੁਆਰਾ ਲਿਖਿਤ ਤੇ ਨਿਰਦੇਸ਼ਿਤ ਨਾਟਕ ‘ਦਿੱਲੀ ਚੱਲੋ’ ਨੇ ਮਾਹੌਲ ਨੂੰ ਹੋਰ ਜੋਸ਼ ਪ੍ਰਦਾਨ ਕੀਤਾ।
ਘੱਗਾ(ਸ਼ਾਹਬਾਜ਼ ਸਿੰਘ): ਦਿੱਲੀ ਕਿਸਾਨ ਅੰਦੋਲਨ ਲਈ ਹਲਕਾ ਸ਼ੁਤਰਾਣਾ ਦੇ ਪਿੰਡ ਪਿੰਡ ਤੋਂ ਕਿਸਾਨਾਂ ਦੇ ਕਾਫਲੇ ਰਵਾਨਾ ਹੋ ਰਹੇ ਹਨ। ਕਾਫ਼ਲੇ ਦੀ ਅਗਵਾਈ ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲਾ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਨੇ ਪਿੰਡ ਬਾਦਸ਼ਾਹਪੁਰ ਤੋਂ ਕੀਤੀ। ਇਸ ਮੌਕੇ ਡਾ ਸੁਖਵਿੰਦਰ ਸਿੰਘ,ਨਰਿੰਦਰ ਸਿੰਘ ਸੰਧੂ ,ਬੀਬੀ ਚਰਨਜੀਤ ਕੰਗ,ਤਰਲੋਚਨ ਸਿੰਘ,ਪਰਮਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਬੀਬੀਆਂ ਦਾ ਕਾਫਲਾ ਦਿੱਲੀ ਅੰਦੋਲਨ ਲਈ ਨਾਅਰੇਬਾਜੀ ਕਰਦਿਆਂ ਬੱਸ ਰਾਹੀਂ ਰਵਾਨਾ ਹੋਇਆ।
ਭਵਾਨੀਗੜ੍ਹ (ਪੱਤਰ ਪ੍ਰੇਰਕ): ਇੱਥੋਂ ਦਿਹਾਤੀ ਮਜਦੂਰ ਸਭਾ ਦੀ ਅਗਵਾਈ ਹੇਠ ਮਜ਼ਦੂਰਾਂ ਵੱਡਾ ਕਾਫਲਾ ਰਵਾਨਾ ਹੋਇਆ।ਇਸ ਮੌਕੇ ਮਜ਼਼ਦੂਰਾਂ ਨੇ ਨਾਅਰੇਬਾਜ਼ੀ ਵੀ ਕੀਤੀ।
ਮਾਲੇਰਕੋਟਲਾ( ਹੁਸਿ਼ਆਰ ਸਿੰਘ): ਮਾਲੇਰਕੋਟਲਾ-ਪਟਿਆਲਾ ਸੜਕ ਸਥਿਤ ਪਿੰਡ ਮਾਹੋਰਾਣਾ ਦੇ ਟੌਲ ਪਲਾਜ਼ਾ ‘ਤੇ ਕਿਸਾਨਾਂ ਵੱਲੋਂ ਦਿੱਤਾ ਜਾ ਧਰਨੇ ਨੂੰ ਅੱਜ 93 ਦਿਨ ਹੋ ਗਏ ਹਨ।ਅੱਜ ਟੌਲ ਪਲਾਜ਼ਾ ‘ਤੇ ਦਿੱਲੀ ਸਥਿਤ ਕਿਸਾਨ ਮੋਰਚੇ ਸਮੇਤ ਪੰਜਾਬ ‘ਚ ਚੱਲ ਰਹੇ ਧਰਨਿਆਂ ‘ਚ ਕਿਸਾਨਾਂ ਦੀ ਚੜ੍ਹਦੀ ਕਲਾ ਤੇ ਦਿੱਲੀ ਮੋਰਚੇ ਦੀ ਸਫਲਤਾ ਲਈ ਸੁਖਮਨੀ ਸਾਹਬਿ ਦੇ ਭੋਗ ਪਾਏ ਗਏ।ਧਰਨੇ ਦੌਰਾਨ ਛੋਟੇ ਬੱਚਿਆਂ ਨੇ ਗੀਤ ਪੇਸ਼ ਕੀਤੇ।
ਸ਼ੇਰਪੁਰ (ਬੀਰਬਲ ਰਿਸ਼ੀ): ਅੱਜ ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਛੰਨਾ ਦੀ ਅਗਵਾਈ ਹੇਠ ਅੱਜ ਪਿੰਡ ਰਾਮਨਗਰ ਛੰਨਾਂ ਤੋਂ ਦੋ ਟਰਾਲੀਆਂ ਵਿੱਚ ਤਕਰੀਬਨ ਦੋ ਦਰਜਨ ਕਿਸਾਨਾਂ ਦਾ ਜੱਥਾ ਨਾਅਰਿਆਂ-ਜੈਕਾਰਿਆਂ ਦੀ ਗੂਜ ਨਾਲ ਦਿੱਲੀ ਨੂੰ ਤੁਰਿਆ।