ਪੱਤਰ ਪ੍ਰੇਰਕ
ਪਠਾਨਕੋਟ, 10 ਜਨਵਰੀ
ਪਿੰਡ ਛਤਵਾਲ ਦੀ ਗੋਵਿੰਦ ਬਿਹਾਰ ਕਲੋਨੀ ਵਾਰਡ ਨੰਬਰ 6 ਦੇ ਲੋਕਾਂ ਨੇ ਉਥੋਂ ਦੀ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਪੰਚਾਇਤ ਮੈਂਬਰ ਬਲਵਾਨ ਸਿੰਘ ਦੀ ਅਗਵਾਈ ਵਿੱਚ ਨਾਅਰੇਬਾਜ਼ੀ ਕਰ ਰਹੇ ਕਲੋਨੀ ਦੇ ਪ੍ਰਧਾਨ ਤਪੇਸ਼ ਪਠਾਣੀਆ ਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਲੋਨੀ ਲਗਪਗ 22 ਸਾਲ ਪਹਿਲਾਂ ਇਥੇ ਬਣੀ ਸੀ, ਉਸ ਵੇਲੇ ਤੋਂ ਲੈ ਕੇ ਹੁਣ ਤੱਕ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਕਲੋਨੀ ਵਿੱਚ ਇੱਕ ਵੀ ਪੈਸੇ ਦਾ ਕੰਮ ਨਹੀਂ ਕਰਵਾਇਆ। ਪਹਿਲਾਂ ਤੋਂ ਬਣੀ ਹੋਈ ਸੜਕ ਪੂਰੀ ਤਰ੍ਹਾਂ ਖੱਡ ਦਾ ਰੂਪ ਧਾਰਨ ਕਰ ਚੁੱਕੀ ਹੈ। ਇਸ ਸਬੰਧੀ ਜਦ ਮੰਡੀਕਰਨ ਬੋਰਡ ਦੇ ਐਸਡੀਓ ਪਰਮਪਾਲ ਸਿੰਘ ਨੇ ਕਿਹਾ ਕਿ ਇਹ ਸੜਕ ਮੰਡੀ ਬੋਰਡ ਦੇ ਅਧੀਨ ਨਹੀਂ ਆਉਂਦੀ ਪਰ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਿਖਤੀ ਆਇਆ ਸੀ ਕਿ ਇਸ ਕੰਮ ਦਾ ਐਸਟੀਮੇਟ ਬਣਾ ਕੇ ਭੇਜਿਆ ਜਾਵੇ ਜੋ ਉਨ੍ਹਾਂ ਬਣਾ ਕੇ ਭੇਜ ਦਿੱਤਾ ਪਰ ਉਸ ਦੇ ਬਾਅਦ ਵੀ ਉਨ੍ਹਾਂ ਦੇ ਵਿਭਾਗ ਨੂੰ ਇਸ ਕੰਮ ਲਈ ਕੋਈ ਫੰਡ ਜਾਰੀ ਨਹੀਂ ਕੀਤਾ ਗਿਆ।