ਜੰਮੂ: ਜੰਮੂ ਕਸ਼ਮੀਰ ਵਿੱਚ ਅੱਜ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ ਕਿਉਂਕਿ ਪੁਲੀਸ ਨੇ ਪੁਣਛ ਜ਼ਿਲ੍ਹੇ ਦੇ ਮੇਂਧੜ ਖੇਤਰ ਵਿੱਚ ਇੱਕ ਮੋਟਰਸਾਈਕਲ ’ਤੇ ਲੱਦੀ 2.4 ਕਿਲੋਗ੍ਰਾਮ ਧਮਾਕਾਖੇਜ਼ ਸਮੱਗਰੀ (ਆਈਈਡੀ) ਦਾ ਸਮੇਂ ਸਿਰ ਪਤਾ ਲਾ ਲਿਆ। ਪੁਲੀਸ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਣਛ ਦੇ ਐੱਸਐੱਸਪੀ ਰਾਮੇਸ਼ ਅੰਗਰਾਲ ਨੇ ਦੱਸਿਆ ਕਿ ਪੁਲੀਸ ਨੂੰ ਸ਼ਨਿਚਰਵਾਰ ਰਾਤ ਦਸ ਵਜੇ ਗਸ਼ਤ ਦੌਰਾਨ ਗੋਹਲਾਦ ਰੀਲਨ-ਮੇਂਧੜ ਸੜਕ ਕਿਨਾਰੇ ਆਈਈਡ ਦਾ ਪਤਾ ਚੱਲਿਆ ਸੀ, ਜਿਸ ਨੂੰ ਬੰਬ ਨਕਾਰਾ ਕਰਨ ਵਾਲੀ ਟੀਮ ਨੇ ਅੱਜ ਦੁਪਹਿਰ ਤੱਕ ਨਕਾਰਾ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਅਜਿਹਾ ਲਗਦਾ ਹੈ ਕਿ ਸ਼ੱਕੀ ਅਤਿਵਾਦੀ ਆਈਡੀ ਲੱਦਿਆ ਮੋਟਰਸਾਈਕਲ ਛੱਡ ਕੇ ਨੇੜੇ ਦੇ ਜੰਗਲਾਂ ਵਿੱਚ ਲੁਕ ਗਏ ਹਨ। ਉਨ੍ਹਾਂ ਕਿਹਾ ਕਿ ਪੁਲੀਸ ਰਾਸ਼ਟਰੀ ਰਾਈਫਲਜ਼ ਨਾਲ ਮਿਲ ਕੇ ਇਸ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੀ ਹੈ। -ਪੀਟੀਆਈ