ਬੀ.ਐਸ. ਚਾਨਾ
ਕੀਰਤਪੁਰ ਸਾਹਿਬ, 10 ਜਨਵਰੀ
79 ਮਿਡ ਰੈਜ਼ਮੈਂਟ ਵਿੱਚ ਭਾਰਤ ਦੀ ਸਰਹੱਦ ’ਤੇ ਤਾਇਨਾਤ ਸਿਪਾਹੀ ਕੁਲਦੀਪ ਸਿੰਘ ਸ਼ਹੀਦ ਹੋ ਗਿਆ, ਜਿਸ ਦੀ ਮ੍ਰਿਤਕ ਦੇਹ ਜੱਦੀ ਪਿੰਡ ਜਗਤਪੁਰ, ਡਾਕਖਾਨਾ ਜੋਗੋ, ਥਾਣਾ ਨਾਲਾਗੜ੍ਹ (ਹਿ.ਪ੍ਰ) ਵਿਚ ਪਹੁੰਚਣ ਮਗਰੋਂ ਅੰਤਿਮ ਸੰਸਕਾਰ ਕੀਰਤਪੁਰ ਸਾਹਿਬ ਸਥਿਤ ਗੁਰਦੁਆਰਾ ਪਤਾਲਪੁਰੀ ਦੇ ਅਸਤਘਾਟ ਵਿਚ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸ਼ਹੀਦ ਕੁਲਦੀਪ ਸਿੰਘ ਆਪਣੇ ਪਿੱਛੇ ਦੋ ਛੋਟੀਆਂ ਬੇਟੀਆਂ ਤੇ ਪਤਨੀ ਰੇਨੂੰ ਦੇਵੀ ਨੂੰ ਛੱਡ ਗਿਆ ਹੈ। ਕੁਲਦੀਪ ਸਿੰਘ ਦੀ ਵੱਡੀ ਧੀ ਨਵਦੀਪ ਕੌਰ 14 ਸਾਲ ਦੀ ਹੈ ਤੇ ਛੋਟੀ ਧੀ ਅਮਨਦੀਪ ਕੌਰ ਸਿਰਫ 9 ਸਾਲ ਦੀ ਹੈ। ਉਸ ਦੇ ਦਾਦਾ ਦੌਲਤ ਸਿੰਘ ਸੁਤੰਤਰਤਾ ਸੈਨਾਨੀ ਸਨ। ਜਦਕਿ ਉਨ੍ਹਾਂ ਦਾ ਵੱਡਾ ਭਰਾ ਬੀਐੱਸਐੱਫ ਤੋਂ ਰਿਟਾਇਰਡ ਅਧਿਕਾਰੀ ਹੈ। ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਦਰਾਸ ਸੈਕਟਰ ਵਿਚ ਬਰਫੀਲੇ ਤੂਫਾਨਾਂ ’ਚ ਦੇਸ਼ ਦੀ ਰੱਖਿਆ ਕਰਦਾ ਹੋਇਆ ਸ਼ਹੀਦੀ ਪ੍ਰਾਪਤ ਕਰ ਗਿਆ।