ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 10 ਜਨਵਰੀ
ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਨਿਜਰਪੁਰਾ ਟੌਲ ਪਲਾਜ਼ਾ ’ਤੇ ਚੱਲ ਰਹੀ ਲੜੀਵਾਰ ਭੁੱਖ ਹੜਤਾਲ 14ਵੇਂ ਦਿਨ ਵੀ ਜਾਰੀ ਰਹੀ। ਟੌਲ ਪਲਾਜ਼ਾ ’ਤੇ ਪਿੰਗਲਵਾੜਾ ਦੀ ਮੁੱਖ ਸੇਵਾਦਾਰ ਬੀਬੀ ਇੰਦਰਜੀਤ ਕੌਰ ਅਤੇ ਮਾਸਟਰ ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ ਟਰੱਸਟ ਅਤੇ ਪਿੰਗਲਵਾੜਾ ਦੇ ਬੱਚਿਆਂ ਅਤੇ ਭਾਈ ਹਰਜਿੰਦਰ ਸਿੰਘ ਰੋਮੀ ਅਖੰਡ ਕੀਰਤਨੀ ਜਥੇ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਨਾਲ ਹਾਜ਼ਰੀ ਲਗਵਾਈ। ਇਸ ਮੌਕੇ ਟਾਈਗਰ ਕਲੱਬ ਅੰਮ੍ਰਿਤਸਰ ਵੱਲੋਂ ਲੰਗਰ ਲਗਾਇਆ ਗਿਆ।
ਟੌਲ ਪਲਾਜ਼ਾ ’ਤੇ ਕਿਸਾਨ ਸੰਘਰਸ਼ ਕਮੇਟੀ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ, ਸੰਦੀਪ ਸਿੰਘ ਚਾਟੀਵਿੰਡ, ਮੰਗਲ ਸਿੰਘ ਰਾਮਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਕਾਰਨ ਕਿਸਾਨ ਮੋਦੀ ਸਰਕਾਰ ਦਾ ਡਟ ਕੇ ਵਿਰੋਧ ਕਰਨਗੇ। ਇਸ ਦੌਰਾਨ ਇਥੇ ਚੱਲ ਰਿਹਾ ਰੇਲ ਰੋੋਕੋ ਅੰਦੋਲਨ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਅੱਜ 109ਵੇਂ ਦਿਨ ਵਿੱਚ ਦਾਖਲ ਹੋ ਗਿਆ। ਜ਼ੋਨਲ ਪ੍ਰਧਾਨ ਸਾਹਬ ਸਿੰਘ ਦੀਨੇਕੇ ਦੀ ਅਗਵਾਈ ਵਿੱਚ ਕਿਸਾਨਾਂ ਦਾ ਜੱਥਾ ਜੰਡਿਆਲਾ ਗੁਰੂ ਰੇਲ ਰੋਕੋ ਅੰਦੋਲਨ ਵਿੱਚ ਨਾਅਰੇਬਾਜ਼ੀ ਕਰਦਿਆਂ ਸ਼ਾਮਲ ਹੋਇਆ। ਧਰਨੇ ਨੂੰ ਸੰਬੋਧਨ ਕਰਦਿਆਂ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਮੋਦੀ ਸਰਕਾਰ ਪੂੰਜੀਪਤੀਆਂ ਦੀ ਸਰਕਾਰ ਹੈ ਤੇ ਕਿਸਾਨਾਂ ਤੇ ਆਮ ਲੋਕਾਂ ਦੀ ਸਰਕਾਰ ਨੂੰ ਕੋਈ ਪ੍ਰਵਾਹ ਨਹੀ ਹੈ। ਜਥੇਬੰਦੀ ਵੱਲੋ 12 ਜਨਵਰੀ ਨੂੰ ਅੰਮ੍ਰਿਤਸਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦਾ ਜਥਾ ਦਿੱਲੀ ਦੇ ਕੁੰਡਲੀ ਬਾਰਡਰ ’ਤੇ ਲੱਗੇ ਮੋਰਚੇ ਲਈ ਰਵਾਨਾ ਹੋਵੇਗਾ। ਕੁੰਡਲੀ ਬਾਰਡਰ ’ਤੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਸਵਿੰਦਰ ਸਿੰਘ ਚੁਤਾਲਾ, ਜਸਬੀਰ ਸਿੰਘ ਪਿੱਦੀ ਦੀ ਅਗਵਾਈ ਵਿੱਚ ਮੋਰਚਾ ਨਿਰੰਤਰ ਜਾਰੀ ਹੈ।