ਯੈਰੂਸ਼ਲੱਮ, 13 ਦਸੰਬਰ
ਅਦਾਕਾਰਾ ਤੇ ਮਾਡਲ ਹਰਨਾਜ਼ ਸੰਧੂ ਨੇ ਅੱਜ ਮਿਸ ਯੂਨੀਵਰਸ 2021 ਦਾ ਖ਼ਿਤਾਬ ਆਪਣੇ ਨਾਂ ਕਰ ਕੇ ਇਤਿਹਾਸ ਸਿਰਜ ਦਿੱਤਾ। ਇਸ ਮੁਕਾਬਲੇ ਵਿਚ 80 ਦੇਸ਼ਾਂ ਦੀਆਂ ਪ੍ਰਤੀਭਾਗੀਆਂ ਨੇ ਹਿੱਸਾ ਲਿਆ ਅਤੇ ਭਾਰਤ ਨੂੰ 21 ਸਾਲਾਂ ਬਾਅਦ ਇਸ ਮੁਕਾਬਲੇ ਵਿਚ ਜਿੱਤ ਹਾਸਲ ਹੋਈ ਹੈ। ਸੰਧੂ ਤੋਂ ਪਹਿਲਾਂ ਸਿਰਫ਼ ਦੋ ਭਾਰਤੀ ਮਹਿਲਾਵਾਂ ਨੇ ਮਿਸ ਯੂਨੀਵਰਸ ਦਾ ਖ਼ਿਤਾਬ ਜਿੱਤਿਆ ਹੈ। ਅਦਾਕਾਰਾ ਸੁਸ਼ਮਿਤਾ ਸੈਨ ਨੂੰ 1994 ’ਚ ਅਤੇ ਲਾਰਾ ਦੱਸਾ ਨੂੰ 2000 ਵਿਚ ਇਹ ਤਾਜ ਪਹਿਨਾਇਆ ਗਿਆ ਸੀ। ਕੌਮਾਂਤਰੀ ਸੁੰਦਰਤਾ ਮੁਕਾਬਲੇ ਦਾ ਇਹ 70ਵਾਂ ਐਡੀਸ਼ਨ ਇਜ਼ਰਾਈਲ ਦੇ ਈਲਾਤ ਵਿਚ ਕਰਵਾਇਆ ਗਿਆ, ਜਿਸ ਵਿਚ 21 ਸਾਲਾ ਸੰਧੂ ਨੂੰ ਸਫ਼ਲਤਾ ਮਿਲੀ। ਚੰਡੀਗੜ੍ਹ ਦੀ ਮਾਡਲ ਸੰਧੂ ਲੋਕ ਪ੍ਰਸ਼ਾਸਨ ਵਿਸ਼ੇ ਵਿਚ ਪੋਸਟ ਗ੍ਰੈਜੂਏਸ਼ਨ ਕਰ ਰਹੀ ਹੈ। ਉਸ ਨੂੰ ਇਹ ਤਾਜ ਇਸ ਮੁਕਾਬਲੇ ਦੀ 2020 ਦੀ ਜੇਤੂ ਮੈਕਸਿਕੋ ਦੀ ਐਂਡਰੀਆ ਮੇਜ਼ਾ ਨੇ ਪਹਿਨਾਇਆ। ਪੈਰਾਗੁਏ ਦੀ ਨਾਡੀਆ ਫੈਰੇਰਾ (22) ਦੂਜੇ ਸਥਾਨ ’ਤੇ ਰਹੀ ਜਦਕਿ ਦੱਖਣੀ ਅਫ਼ਰੀਕਾ ਦੀ ਲਾਲੇਲਾ ਮਸਵਾਨੇ (24) ਤੀਜੇ ਸਥਾਨ ’ਤੇ ਰਹੀ।
ਖਿਤਾਬ ਜਿੱਤਣ ਮਗਰੋਂ ਹਰਨਾਜ਼ ਸੰਧੂ ਨੇ ਕਿਹਾ, ‘‘ਮੈਂ ਰੱਬ, ਮਾਤਾ-ਪਿਤਾ ਅਤੇ ਮਿਸ ਇੰਡੀਆ ਆਰਗੇਨਾਈਜ਼ੇਸ਼ਨ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਇਸ ਸਾਰੇ ਸਫ਼ਰ ਵਿਚ ਮੇਰਾ ਮਾਰਗਦਰਸ਼ਨ ਕੀਤਾ ਅਤੇ ਮੇਰੀ ਮਦਦ ਕੀਤੀ। ਮੇਰੀ ਜਿੱਤ ਦੀ ਕਾਮਨਾ ਅਤੇ ਅਰਦਾਸ ਕਰਨ ਵਾਲੇ ਸਾਰੇ ਲੋਕਾਂ ਨੂੰ ਖ਼ੂਬ ਸਾਰਾ ਪਿਆਰ। 21 ਸਾਲਾਂ ਬਾਅਦ ਇਸ ਮਾਣਮੱਤੇ ਤਾਜ ਨੂੰ ਭਾਰਤ ਲਿਆਉਣਾ ਮਾਣ ਵਾਲੇ ਪਲ ਹਨ।’’
ਇਸ ਮੁਕਾਬਲੇ ਵਿਚ ਆਖ਼ਰੀ ਸਵਾਲ-ਜਵਾਬ ਗੇੜ ਵਿਚ ਸੰਧੂ ਤੋਂ ਪੁੱਛਿਆ ਗਿਆ ਸੀ ਕਿ ਮੌਜੂਦਾ ਸਮੇਂ ਵਿਚ ਮੁਟਿਆਰਾਂ ਜੋ ਦਬਾਅ ਮਹਿਸੂਸ ਕਰ ਰਹੀਆਂ ਹਨ, ਉਸ ਤੋਂ ਨਿਪਟਣ ਲਈ ਉਹ ਉਨ੍ਹਾਂ ਨੂੰ ਕੀ ਸਲਾਹ ਦੇਵੇਗੀ। ਇਸ ’ਤੇ ਉਸ ਦਾ ਜਵਾਬ ਸੀ, ‘‘ਮੌਜੂਦਾ ਸਮੇਂ ਵਿਚ ਨੌਜਵਾਨ ਜਿਸ ਵੱਡੇ ਦਬਾਅ ਦਾ ਸਾਹਮਣਾ ਕਰ ਰਹੇ ਹਨ ਉਹ ਹੈ ਖ਼ੁਦ ’ਤੇ ਵਿਸ਼ਵਾਸ ਕਰਨਾ। ਇਹ ਜਾਣਨਾ ਕਿ ਤੁਸੀਂ ਵਿਲੱਖਣ ਹੋ ਅਤੇ ਇਹੀ ਤੁਹਾਨੂੰ ਸੁੰਦਰ ਬਣਾਉਂਦਾ ਹੈ। ਦੂਜਿਆਂ ਨਾਲ ਖ਼ੁਦ ਦੀ ਤੁਲਨਾ ਕਰਨਾ ਬੰਦ ਕਰੋ ਅਤੇ ਦੁਨੀਆਂ ਭਰ ਵਿਚ ਹੋ ਰਹੀਆਂ ਅਹਿਮ ਚੀਜ਼ਾਂ ਬਾਰੇ ਗੱਲ ਕਰੋ। ਇਹੀ ਤੁਹਾਨੂੰ ਸਮਝਣ ਦੀ ਲੋੜ ਹੈ। ਬਾਹਰ ਆਓ ਅਤੇ ਖ਼ੁਦ ਵਾਸਤੇ ਗੱਲ ਕਰੋ ਕਿਉਂਕਿ ਤੁਸੀਂ ਹੀ ਆਪਣੀ ਜ਼ਿੰਦਗੀ ਦੇ ਆਗੂ ਹੋ। ਤੁਸੀਂ ਖ਼ੁਦ ਦੀ ਆਵਾਜ਼ ਹੋ। ਮੈਂ ਖ਼ੁਦ ’ਤੇ ਭਰੋਸਾ ਕੀਤਾ ਇਸ ਵਾਸਤੇ ਅੱਜ ਮੈਂ ਇੱਥੇ ਖੜ੍ਹੀ ਹਾਂ।’’
ਸੰਧੂ ਦੇ ਇਸ ਜਵਾਬ ’ਤੇ ਤਾੜੀਆਂ ਵੱਜੀਆਂ। ਸੰਧੂ ਨੇ ਸੁੰਦਰਤਾ ਦੇ ਖੇਤਰ ਵਿਚ ਆਪਣੇ ਸਫ਼ਰ ਦੀ ਸ਼ੁਰੂਆਤ 2017 ਵਿਚ ਕੀਤੀ ਸੀ ਜਦੋਂ ਉਸ ਨੇ ਟਾਈਮਜ਼ ਫਰੈੱਸ਼ ਫੇਸ ਦਾ ਖ਼ਿਤਾਬ ਜਿੱਤਿਆ ਸੀ। ਉਹ 17 ਸਾਲ ਦੀ ਉਮਰ ਵਿਚ ਚੰਡੀਗੜ੍ਹ ਦੀ ਨੁਮਾਇੰਦਗੀ ਕਰ ਰਹੀ ਸੀ। ਬਾਅਦ ਵਿਚ ਉਸ ਨੇ ਲਿਵਾ ਮਿਸ ਦਿਵਾ ਯੂਨੀਵਰਸ 2021 ਦਾ ਖ਼ਿਤਾਬ ਜਿੱਤਿਆ। ਉਹ ‘ਯਾਰਾਂ ਦੀਆਂ ਪੋਅ ਬਾਰ੍ਹਾਂ’ ਅਤੇ ‘ਬਾਈ ਜੀ ਕੁੱਟਣਗੇ’ ਵਰਗੀਆਂ ਕੁਝ ਪੰਜਾਬੀ ਫਿਲਮਾਂ ਵਿਚ ਵੀ ਕੰਮ ਕਰ ਚੁੱਕੀ ਹੈ। ਇਸ ਸਮਾਰੋਹ ਦੀ ਮੇਜ਼ਬਾਨੀ ਸਟੀਵ ਹਾਰਵੀ ਕਰ ਰਹੇ ਸਨ ਅਤੇ ਅਮਰੀਕਾ ਦੀ ਗਾਇਕਾ ਜੋ ਜੋ ਨੇ ਇਸ ਦੌਰਾਨ ਪੇਸ਼ਕਾਰੀ ਦਿੱਤੀ। ਚੋਣ ਕਮੇਟੀ ਵਿਚ ਅਦਾਕਾਰਾ ਤੇ ਮਿਸ ਯੂਨੀਵਰਸ ਇੰਡੀਆ 2015 ਦੀ ਜੇਤੂ ਉਰਵਸ਼ੀ ਰੌਤੇਲਾ, ਅਦਾਮਾਰੀ ਲੋਪੇਜ਼, ਐਡਰੀਆਨਾ ਲਿਮਾ, ਚੈਸਲੀ ਕ੍ਰਿਸਟ, ਆਇਰਿਸ਼ ਮਿਟੇਨਾਏਰਾ, ਲੋਰੀ ਹਾਰਵੀ, ਮਾਰੀਅਨ ਰਿਵੇਰਾ ਅਤੇ ਰੈਨਾ ਸੋਫਰ ਸ਼ਾਮਲ ਸਨ।
ਇਸੇ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੱਖ-ਵੱਖ ਟਵੀਟਾਂ ਰਾਹੀਂ ਮਿਸ ਯੂਨੀਵਰਸ 2021 ਦੀ ਜੇਤੂ ਹਰਨਾਜ਼ ਸੰਧੂ ਨੂੰ ਵਧਾਈ ਦਿੱਤੀ। ਇਸੇ ਦੌਰਾਨ ਫਿਲਮੀ ਦੁਨੀਆਂ ਦੀਆਂ ਹਸਤੀਆਂ ਅਤੇ ਸਾਬਕਾ ਵਿਸ਼ਵ ਸੁੰਦਰੀਆਂ ਪ੍ਰਿਯੰਕਾ ਚੋਪੜਾ ਜੋਨਸ, ਲਾਰਾ ਦੱਤਾ ਅਤੇ ਦੀਆ ਮਿਰਜ਼ਾ ਤੋਂ ਇਲਾਵਾ ਅਦਾਕਾਰਾ ਕਰੀਨਾ ਕਪੂਰ ਖਾਨ, ਸ਼ਿਲਪਾ ਸ਼ੈਟੀ ਕੁੰਦਰਾ, ਰਵੀਨਾ ਟੰਡਨ ਅਤੇ ਉਰਵਸ਼ੀ ਰੌਤੇਲਾ ਆਦਿ ਨੇ ਵੀ ਮਿਸ ਯੂਨੀਵਰਸ ਬਣੀ ਹਰਨਾਜ਼ ਸੰਧੂ ਨੂੰ ਵਧਾਈਆਂ ਦਿੱਤੀਆਂ। -ਪੀਟੀਆਈ