ਗੁਰਦੀਪ ਸਿੰਘ ਲਾਲੀ
ਸੰਗਰੂਰ, 9 ਜਨਵਰੀ
ਪਿੰਡ ਕੁੰਨਰਾਂ ਦੀ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਅਤੇ ਲੜਕੀ ਦਾ ਥਹੁ-ਪਤਾ ਲਾਉਣ ਦੀ ਮੰਗ ਨੂੰ ਲੈ ਕੇ ਪਿੰਡ ਦੇ ਸੈਂਕੜੇ ਵਸਨੀਕਾਂ ਨੇ ਅੱਜ ਇਥੇ ਦਿੱਲੀ-ਲੁਧਿਆਣਾ ਹਾਈਵੇ ’ਤੇ ਸਥਿਤ ਭਗਵਾਨ ਮਹਾਂਵੀਰ ਚੌਕ ਵਿੱਚ ਆਵਾਜਾਈ ਠੱਪ ਕਰਕੇ ਕਰੀਬ ਤਿੰਨ ਘੰਟੇ ਰੋਸ ਧਰਨਾ ਦਿੱਤਾ। ਇਸ ਦੌਰਾਨ ਵੱਖ ਵੱਖ ਜਥੇਬੰਦੀਆਂ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਧਰਨੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਰਾਜਾ, ਪੰਜਾਬ ਕਾਂਗਰਸ ਦੀ ਮਹਿਲਾ ਆਗੂ ਦਾਮਨ ਥਿੰਦ ਬਾਜਵਾ, ਪੰਜਾਬ ਸਟੂਡੈਂਟਸ ਯੂਨੀਅਨ ਦੀ ਆਗੂ ਜਸਪ੍ਰੀਤ ਕੌਰ, ਸਰਪੰਚ ਮੁਲਖਾ ਸਿੰਘ ਆਦਿ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਜਸਦੀਪ ਸਿੰਘ ਬਹਾਦਰਪੁਰ ਨੇ ਕਿਹਾ ਕਿ ਕਰੀਬ 12 ਦਿਨ ਪਹਿਲਾਂ ਪਿੰਡ ਕੁੰਨਰਾਂ ਦੀ ਇੱਕ ਗਰੀਬ ਪਰਿਵਾਰ ਦੀ ਨਾਬਾਲਗ ਲੜਕੀ ਨੂੰ ਕੁੱਝ ਵਿਅਕਤੀ ਵਰਗਲਾ ਕੇ ਲੈ ਗਏ ਸਨ, ਜਿਸ ਦਾ ਹਾਲੇ ਤਕ ਕੋਈ ਥਹੁ-ਪਤਾ ਨਹੀਂ ਲੱਗਿਆ। ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਵੀ ਇੱਕ ਵਫ਼ਦ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲਿਆ ਸੀ ਪਰ ਪੁਲੀਸ ਦੀ ਕਾਰਵਾਈ ਤਸੱਲੀਬਖ਼ਸ਼ ਨਹੀਂ ਹੈ। ਡੀਐੱਸਪੀ ਸੱਤਪਾਲ ਸ਼ਰਮਾ ਨੇ ਦੱਸਿਆ ਕਿ ਰਘਵੀਰ ਸਿੰਘ ਵਾਸੀ ਪਿੰਡ ਕੁੰਨਰਾਂ ਅਤੇ ਗੁਰਿੰਦਰ ਸਿੰਘ ਵਾਸੀ ਪਿੰਡ ਸਾਰੋਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂਕਿ ਕੁਲਵਿੰਦਰ ਸਿੰਘ ਵਾਸੀ ਹਰੇੜੀ ਦੀ ਭਾਲ ਜਾਰੀ ਹੈ।