ਪੱਤਰ ਪ੍ਰੇਰਕ
ਰਾਜਪੁਰਾ , 6 ਨਵੰਬਰ
ਇਥੋਂ ਦੇ ਵਾਰਡ ਨੰ. 26 ਦੀ ਪੁਰਾਣੀ ਮਿਰਚ ਮੰਡੀ ਅਤੇ ਢੇਹਾ ਬਸਤੀ ਵਿੱਚ ਦੂਸ਼ਿਤ ਪਾਣੀ ਪੀਣ ਕਾਰਨ ਫੈਲੇ ਪੇਚਸ਼ ਨਾਲ ਬਿਮਾਰ ਹੋਏ 10 ਬੱਚਿਆਂ ਵਿੱਚੋਂ ਅੱਜ ਦੋ ਨੂੰ ਹਾਲਤ ਗੰਭੀਰ ਹੋਣ ’ਤੇ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਜਦੋਂ ਕਿ ਉਪਰੋਤ ਕਲੋਨੀਆਂ ਵਿੱਚੋਂ ਪੇਚਸ਼ ਦੇ ਪੰਜ ਸ਼ੱਕੀ ਨਵੇਂ ਮਰੀਜ਼ ਏ.ਪੀ. ਜੈਨ ਸਿਵਲ ਹਸਪਤਾਲ ਦਾਖਲ ਹੋਏ ਹਨ। ਦੱਸਣਯੋਗ ਹੈ ਕਿ ਦੀਵਾਲੀ ਵਾਲੇ ਦਿਨ ਪੁਰਾਣੀ ਮਿਰਚ ਮੰਡੀ ਅਤੇ ਢੇਹਾ ਬਸਤੀ ਵਿੱਚ ਦੂਸ਼ਿਤ ਪਾਣੀ ਪੀਣ ਕਾਰਨ ਫੈਲੇ ਪੇਚਸ਼ ਨਾਲ ਦੋਵੇਂ ਕਲੋਨੀਆਂ ਦੇ ਚਾਰ ਬੱਚਿਆਂ ਦੀ ਮੌਤ ਹੋ ਗਈ ਸੀ ਅਤੇ 10 ਬਿਮਾਰ ਹੋ ਗਏ ਸਨ। ਜਿਨ੍ਹਾਂ ਨੂੰ ਇਲਾਜ ਲਈ ਰਾਜਪੁਰਾ ਦੇ ਏ.ਪੀ. ਜੈਨ ਸਿਵਲ ਅਤੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਐਸ.ਐਮ.ਓ ਰਾਜਪੁਰਾ ਡਾ. ਜਗਪਾਲ ਇੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਮਰੀਜ਼ਾਂ ਵਿੱਚੋਂ ਦੋ ਬੱਚਿਆਂ ਅਰੂਸ਼ੀ ਅਤੇ ਸਿਮਰਨ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ। ਜਦੋਂ ਕਿ ਉਕਤ ਕਲੋਨੀਆਂ ਵਿੱਚ ਪੇਚਸ਼ ਦੇ ਪੰਜ ਨਵੇਂ ਸ਼ੱਕੀ ਮਰੀਜ਼ ਜਾਨਵੀ, ਸੋਨਵੀ, ਰਹਿਣਾ, ਪਾਇਲ, ਬਿੰਦੂ ਹਸਪਤਾਲ ਵਿੱਚ ਦਾਖਲ ਹੋਏ ਹਨ। ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਨੇ ਦੱਸਿਆ ਕਿ ਉਕਤ ਕਲੋਨੀਆਂ ਦੇ ਵਾਸੀਆਂ ਨੂੰ ਟੈਂਕਰਾਂ ਵਿੱਚ ਕਲੋਰੀਨ ਪਾ ਕੇ ਪੀਣ ਦੇ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ ਅਤੇ ਪਾਣੀ ਉਬਾਲ ਕੇ ਪੀਣ ਲਈ ਕਿਹਾ ਗਿਆ ਹੈ। ਕਲੋਨੀਆਂ ਨੇੜਿਓਂ ਲੰਘਦੀ ਕਰੀਬ ਸੱਤ ਦਹਾਕੇ ਪੁਰਾਣੀ ਜਲ ਸਪਲਾਈ ਲਾਈਨ ਨੂੰ ਬਦਲ ਕੇ ਨਵੀਂ ਲਾਈਨ ਪਾ ਕੇ ਪਾਣੀ ਦੀ ਸਪਲਾਈ ਬਹਾਲ ਕੀਤੀ ਜਾਵੇਗੀ।