ਅਹਿਮਦਾਬਾਦ, 9 ਜਨਵਰੀ
ਸਾਬਕਾ ਵਿਦੇਸ਼ ਮੰਤਰੀ ਤੇ ਕਾਂਗਰਸ ਆਗੂ ਮਾਧਵਸਿੰਘ ਸੋਲੰਕੀ ਦਾ ਅੱਜ ਸਵੇਰੇ ਗਾਂਧੀਨਗਰ ’ਚ ਦੇਹਾਂਤ ਹੋ ਗਿਆ। ਉਹ 93 ਸਾਲਾਂ ਦੇ ਸਨ। ਉਹ ਚਾਰ ਵਾਰ ਗੁਜਰਾਤ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਗੁਜਰਾਤ ਕਾਂਗਰਸ ਦੇ ਪ੍ਰਧਾਨ ਤੇ ਸੋਲੰਕੀ ਦੇ ਰਿਸ਼ਤੇਦਾਰ ਅਮਿਤ ਚਾਵੜਾ ਨੇ ਟਵਿੱਟਰ ਰਾਹੀਂ ਇਹ ਜਾਣਕਾਰੀ ਦਿੱਤੀ। ਸੋਲੰਕੀ ਜੂਨ 1991 ਤੋਂ ਮਾਰਚ 1992 ਤੱਕ ਵਿਦੇਸ਼ ਮੰਤਰੀ ਰਹਿ ਚੁੱਕੇ ਹਨ। ਹਾਲਾਂਕਿ ਸਵਿਟਜ਼ਰਲੈਂਡ ਦੇ ਵਿਦੇਸ਼ ਮੰਤਰੀ ਨਾਲ ਦਾਵੋਸ ਵਿੱਚ ਮੀਟਿੰਗ ਅਤੇ ਬੋਫੋਰਜ਼ ਕੇਸ ਬਾਰੇ ਕਥਿਤ ਟਿੱਪਣੀਆਂ ਦੇ ਵਿਵਾਦ ਕਾਰਨ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ ਸੀ। ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਨੀ ਨੇ ਇੱਕ ਦਿਨ ਦੇ ਸੋਗ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਉਨ੍ਹਾਂ ਦੀ ਮੌਤ ’ਤੇ ਦੁੱਖ ਜ਼ਾਹਰ ਕੀਤਾ ਹੇੈ।
-ਪੀਟੀਆਈ