ਵਾਸ਼ਿੰਗਟਨ: ਪੱਤਰਕਾਰ ਤੇ ਪੁਲਿਟਜ਼ਰ ਪੁਰਸਕਾਰ ਜੇਤੂ ਲੇਖਕ ਨੀਲ ਸ਼ੀਹਾਨ ਜਿਸ ਨੇ ‘ਦਿ ਨਿਊ ਯਾਰਕ ਟਾਈਮਜ਼’ ਅਖ਼ਬਾਰ ਲਈ ਪੈਂਟਾਗਨ ਪੇਪਰਜ਼ ਦੀ ਕਹਾਣੀ ਨਸ਼ਰ ਕੀਤੀ ਸੀ, ਦਾ ਅੱਜ 84 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਸ਼ੀਹਾਨ ਨੇ ਆਪਣੀ ਕਿਤਾਬ ਵਿੱਚ ਵੀਅਤਨਾਮ ਦੀ ਜੰਗ ਬਾਰੇ ਲਿਖਿਆ ਸੀ। ਉਨ੍ਹਾਂ ਦੀ ਧੀ ਕੈਥਰੀਨ ਸ਼ੀਹਾਨ ਬਰੂਨੋ ਨੇ ਦੱਸਿਆ ਕਿ ਪਾਰਕਿਨਸਨ ਦੀ ਬਿਮਾਰੀ ਕਰ ਕੇ ਅੱਜ ਸਵੇਰੇ ਸ਼ੀਹਾਨ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਕਿਤਾਬ ‘ਏ ਬਰਾਈਟ ਸ਼ਾਈਨਿੰਗ ਲਾਈ: ਜੌਹਨ ਪੌਲ ਵਨ ਅਤੇ ਅਮਰੀਕਾ ਇਨ ਵੀਅਤਨਾਮ’ ਲਿਖਣ ਵਿੱਚ 15 ਸਾਲ ਲੱਗ ਗਏ ਸਨ। 1988 ’ਚ ਪ੍ਰਕਾਸ਼ਿਤ ਹੋਈ ਇਸ ਕਿਤਾਬ ਨੂੰ ਪੁਲਿਟਜ਼ਰ ਪੁਰਸਕਾਰ ਮਿਲਿਆ ਸੀ। -ਏਪੀ