ਨਿੱਜੀ ਪੱਤਰ ਪ੍ਰੇਰਕ
ਮੋਗਾ, 8 ਜਨਵਰੀ
ਬਾਇਓ ਡੀ-ਕੰਪੋਜ਼ਰ ਨਾਲ ਪਰਾਲੀ ਖੇਤ ’ਚ ਗਾਲ ਕੇ ਖਾਦ ਬਣਾਉਣ ਦੇ ਮੁੱਢਲੇ ਟਰਾਇਲ ਦੇ ਨਤੀਜੇ ਨਿਰਾਸ਼ਾਜਨਕ ਆਉਣ ਕਾਰਨ ਕਾਰਪੋਰੇਟ ਘਰਾਣਿਆਂ ਦਾ ਕਿਸਾਨਾਂ ਤੋਂ ਨੋਟਾਂ ਨਾਲ ਬੋਰੀਆਂ ਭਰਨ ਦੇ ਸੁਪਨੇ ਨੂੰ ਗ੍ਰਹਿਣ ਲੱਗਦਾ ਨਜ਼ਰ ਆ ਰਿਹਾ ਹੈ। ਕੰਪਨੀ ਅਨੁਸਾਰ ਬਾਇਓ ਕੈਪਸੂਲ ਅਤੇ ਪ੍ਰਾਡਕਟ ਦਾ ਘੋਲ ਬਣਾ ਕੇ ਖੇਤ ਵਿੱਚ ਸਪਰੇਅ ਕਰਨ ਮਗਰੋਂ 30 ਤੋਂ 35 ਦਿਨਾਂ ਵਿੱਚ ਸਾਰਾ ਨਾੜ ਗਲ ਕੇ ਖਤਮ ਹੋ ਜਾਵੇਗਾ ਅਤੇ ਖਾਦ ਦਾ ਰੂਪ ਧਾਰਨ ਕਰ ਲਵੇਗਾ। ਖੇਤੀਬਾੜੀ ਵਿਭਾਗ ਵੱਲੋਂ ਨਵੰਬਰ ਮਹੀਨੇ ਤੋਂ ਸ਼ੁਰੂ ਕੀਤੇ ਇਸ ਬਾਇਓ ਡੀ-ਕੰਪੋਜ਼ਰ ਟਰਾਇਲ ਦੇ ਸੰਯੁਕਤ ਡਾਇਰੈਕਟਰ (ਇਨਪੁਟਸ) ਡਾ. ਬਲਦੇਵ ਸਿਘ ਨੇ ਪੀਏਯੂ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਖੇਤੀਬਾੜੀ ਵਿਭਾਗ ਅਧਿਕਾਰੀਆਂ ਨਾਲ ਮੋਗਾ, ਫ਼ਰੀਦਕੋਟ, ਫ਼ਿਰੋਜਪੁਰ ਤੇ ਹੋਰ ਜ਼ਿਲ੍ਹਿਆਂ ’ਚ ਨਿਰੀਖਣ ਕੀਤਾ। ਇਸ ਮੌਕੇ ਸੰਯੁਕਤ ਡਾਇਰੈਕਟਰ ਨੇ ਮੰਨਿਆ ਕਿ ਹਾਲੇ ਚੰਗੇ ਨਤੀਜੇ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਰਲ, ਸਸਤੀ ਤੇ ਛੇਤੀ ਨਤੀਜਾ ਦੇਣ ਵਾਲੀ ਵਿਧੀ ਉੱਤੇ ਖੇਤੀ ਵਿਗਿਆਨੀ ਖੋਜਾਂ ਕਰ ਰਹੇ ਹਨ। ਪੀਏਯੂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀ ਡਾ. ਮਨਪ੍ਰੀਤ ਸਿੰਘ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਬਾਇਓ ਡੀ-ਕੰਪੋਜ਼ਰ ਟਰਾਇਲ ਅਤੇ ਆਮ ਖੇਤਾਂ ਵਿਚ ਫਸਲ ਤੇ ਪਰਾਲੀ ਦੀ ਸਥਿਤੀ ਇਕੋ ਜਿਹੀ ਲੱਗਦੀ ਹੈ। ਕਣਕ ਦੀ ਵਾਢੀ ਤੱਕ ਜੋ ਨਤੀਜੇ ਪ੍ਰਾਪਤ ਹੋਣਗੇ ਉਸ ਦੇ ਆਧਾਰ ’ਤੇ ਹੀ ਅੰਤਮ ਪ੍ਰਗਤੀ ਰਿਪੋਰਟ ਦਿੱਤੀ ਜਾ ਸਕੇਗੀ।